ਚੰਡੀਗੜ੍ਹ:ਪੰਜਾਬੀ ਗੀਤ ਅਤੇ ਸੰਗੀਤ ਜਗਤ ਵਿਚ ਬਹੁਤ ਹੀ ਨਿਵੇਕਲੀ ਪਹਿਚਾਣ ਅਤੇ ਮਾਣਮੱਤਾ ਮੁਕਾਮ ਰੱਖਦੇ ਮਸ਼ਹੂਰ ਗੀਤਕਾਰ-ਗਾਇਕ ਪ੍ਰੀਤ ਸੰਘਰੇੜੀ, ਜੋ ਸਫਲ ਗੀਤਕਾਰੀ ਤੋਂ ਬਾਅਦ ਹੁਣ ਬਤੌਰ ਲੇਖਕ ਸਿਨੇਮਾ ਪਾਰੀ ਸ਼ੁਰੂ ਕਰਨ ਜਾ ਰਹੇ ਹਨ।
ਮੂਲ ਰੂਪ ਵਿਚ ਜ਼ਿਲ੍ਹਾ ਸੰਗਰੂਰ ਅਧੀਨ ਆਉਂਦੇ ਪਿੰਡ ਸੰਘਰੇੜੀ ਨਾਲ ਸੰਬੰਧਤ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਇਸ ਹੋਣਹਾਰ ਗੀਤਕਾਰ ਵੱਲੋਂ ਲਿਖੇ ਅਨੇਕਾਂ ਹੀ ਗੀਤਾਂ ਨੇ ਕਾਮਯਾਬੀ ਅਤੇ ਲੋਕਪ੍ਰਿਯਤਾ ਹਾਸਿਲ ਕੀਤੀ ਹੈ, ਜਿੰਨ੍ਹਾਂ ਵਿਚ ਰਵਿੰਦਰ ਗਰੇਵਾਲ-ਸ਼ਿਪਰਾ ਗੋਇਲ ਵੱਲੋਂ ਗਾਇਆ ‘ਨੀ ਮੈਂ ਲਵਲੀਂ ਜੀ, ਲਵਲੀ ’ਚ ਪੜ੍ਹਦੀ...ਪੀ ਯੂ ’ਚ ਜੱਟ ਪੜ੍ਹਦਾ’ ਅਤੇ ‘ਜੱਟ ਕਰਜ਼ਾਈ’, ਮਨਮੋਹਨ ਵਾਰਿਸ ਦਾ 'ਇਕ ਵਾਰੀ ਪਿਆਰ ਨਾਲ ਨਿਬੇੜ੍ਹ ਲਓ ਬਹਿ ਕੇ' ਅਤੇ 'ਮਾਨ ਸ਼ਹੀਦਾਂ ਤੇ', ਦੀਪ ਢਿੱਲੋਂ, ਜੈਸਮੀਨ ਜੱਸੀ ਦਾ ‘ਗੁੱਡੀਆਂ ਘਸਾਂ ਤੀਆਂ ਨੀਂ ਮੈਂ ਫੋਰਡ ਦੀਆਂ’, ਗੁਰਲੇਜ਼ ਅਖ਼ਤਰ ਦਾ ਗਾਇਆ ‘ਵਾਜੇ ਆਲੇ’, ਲਖਵਿੰਦਰ ਵਡਾਲੀ ਦਾ ‘ਕਦੇ ਪਿੰਡ ਯਾਦ ਆਉਂਦਾ ਕਦੇ ਮਾਂ ਯਾਦ ਆਉਂਦੀ’, ਪੰਜਾਬੀ ਫਿਲਮ 'ਨਾਨਕਾ ਮੇਲ' ਦਾ ਨਛੱਤਰ ਗਿੱਲ, ਰੌਸ਼ਨ ਪ੍ਰਿੰਸ, ਮੰਨਤ ਨੂਰ ਵੱਲੋਂ ਗਾਇਆ ‘ਮੇਲ ਨਾਨਕਾ’ ਆਦਿ ਸ਼ਾਮਿਲ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਪੂਰੀ ਕਰਨ ਵਾਲੇ ਅਤੇ ਸਾਹਿਤ-ਸ਼ਾਇਰੀ ਦੀ ਡੂੰਘੀ ਸਮਝ ਰੱਖਦੇ ਪ੍ਰੀਤ ਖੁਦ ਇਕ ਸੁਰੀਲੇ ਗਾਇਕ ਵੀ ਹਨ, ਜਿੰਨ੍ਹਾਂ ਵੱਲੋਂ ਵੀ ਹਾਲੀਆ ਸਮੇਂ ਦੌਰਾਨ ਆਪਣੇ ਗਾਏ ਕਈ ਗੀਤ ਸੰਗੀਤ ਖੇਤਰ ਅਤੇ ਚੰਗਾ ਗੀਤ ਸੰਗੀਤ ਸੁਣਨ ਅਤੇ ਵੇਖਣ ਦੀ ਤਾਂਘ ਰੱਖਦੇ ਸਰੋਤਿਆਂ, ਦਰਸ਼ਕਾਂ ਦੀ ਝੋਲੀ ਪਾਏ ਗਏ ਹਨ।
- ਕਰਨ ਜੌਹਰ ਨੇ ਬਤੌਰ ਨਿਰਦੇਸ਼ਕ ਪੂਰੇ ਕੀਤੇ 25 ਸਾਲ, ਵੀਡੀਓ ਸ਼ੇਅਰ ਕਰਕੇ ਦਿਖਾਇਆ ਆਪਣਾ ਕਰੀਅਰ ਸਫ਼ਰ
- 'ਡਾਇਰੈਕਟਰ ਮੈਨੂੰ ਅੰਡਰਵੀਅਰ 'ਚ ਦੇਖਣਾ ਚਾਹੁੰਦਾ ਸੀ', 20 ਸਾਲ ਬਾਅਦ 'ਦੇਸੀ ਗਰਲ' ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
- Punjabi Movies in June 2023: ਸਿਨੇਮਾ ਪ੍ਰੇਮੀਆਂ ਲਈ ਜੂਨ ਮਹੀਨਾ ਹੋਵੇਗਾ ਖਾਸ, ਇਹਨਾਂ ਐਕਟਰਾਂ ਦੀਆਂ ਰਿਲੀਜ਼ ਹੋਣਗੀਆਂ ਫਿਲਮਾਂ
ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੀ ਸਾਹਿਤਕ ਖਿੱਤੇ ਵਿਚ ਹਾਸਲ ਕੀਤੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ 6 ਸਾਹਿਤਕ ਪੁਸਤਕਾਂ ‘ਮੇਰੇ ਹਾਣੀ’, ‘ਮੇਰੇ ਪਿੰਡ ਦੀ ਫ਼ਿਰਨੀ ਤੋਂ', ’ਅੰਤਿਮ ਇੱਛਾ’, ‘ਮੋਹ ਦੀਆਂ ਤੰਦਾਂ’, ‘ਕਲਮਾਂ ਦੇ ਹਲ’ ਅਤੇ ‘ਲੋਹ ਪੁਰਸ’ ਵੀ ਲੋਕ-ਅਰਪਣ ਹੋ ਚੁੱਕੀਆਂ ਹਨ।
ਪੰਜਾਬੀ ਫਿਲਮ ਇੰਡਸਟਰੀ ਵਿਚ ਸ਼ੁਰੂ ਹੋਣ ਜਾ ਰਹੇ ਆਪਣੇ ਇਸ ਨਵੇਂ ਸਫ਼ਰ ਸੰਬੰਧੀ ਉਨ੍ਹਾਂ ਦੱਸਿਆ ਕਿ ਕਾਮੇਡੀ, ਪਰਿਵਾਰਕ ਅਤੇ ਇਮੌਸ਼ਨਲ ਕਹਾਣੀ ਆਧਾਰਤ ਇਸ ਫਿਲਮ ਵਿਚ ਉਚਕੋਟੀ ਸਟਾਰ ਅਤੇ ਮੰਨੇ-ਪ੍ਰਮੰਨੇ ਐਕਟਰ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਜਿਸ ਦੀ ਰਸਮੀ ਘੋਸ਼ਣਾ ਜਲਦੀ ਹੀ ਕੀਤੀ ਜਾਵੇਗੀ।
ਪ੍ਰੀਤ ਸੰਘਰੇੜੀ ਅਨੁਸਾਰ ਗੀਤਕਾਰੀ-ਗਾਇਕੀ ਦੀ ਤਰ੍ਹਾਂ ਸਿਨੇਮਾ ਖੇਤਰ ਵਿਚ ਵੀ ਉਨ੍ਹਾਂ ਦੀ ਤਰਜੀਹ ਮਿਆਰੀ ਪੰਜਾਬੀ ਫਿਲਮਾਂ ਲੇਖਣ ਦੀ ਹੀ ਰਹੇਗੀ। ਉਨ੍ਹਾਂ ਦੱਸਿਆ ਕਿ ਜਲਦ ਹੀ ਸੰਗੀਤ ਖੇਤਰ ਵਿਚ ਉਨ੍ਹਾਂ ਦੇ ਲਿਖੇ ਅਤੇ ਨਾਮਵਰ ਗਾਇਕਾਂ ਵੱਲੋਂ ਗਾਏ ਕਈ ਹੋਰ ਗੀਤ ਵੀ ਰਿਲੀਜ਼ ਹੋਣ ਜਾ ਰਹੇ ਹਨ, ਜਿੰਨ੍ਹਾਂ ਵਿਚ ਹਰ ਵਾਰ ਦੀ ਤਰ੍ਹਾਂ ਪੰਜਾਬ ਅਤੇ ਪੰਜਾਬੀਅਤ ਰੰਗਾਂ ਦਾ ਹਰ ਸੁਮੇਲ ਸੁਣਨ ਅਤੇ ਵੇਖਣ ਨੂੰ ਮਿਲੇਗਾ।