ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਚਰਚਿਤ, ਕਾਮਯਾਬ ਅਤੇ ਬਾਕਮਾਲ ਗਾਇਕ ਵਜੋਂ ਵਿਲੱਖਣ ਪਹਿਚਾਣ ਅਤੇ ਮੁਕਾਮ ਰੱਖਦੇ ਨੌਜਵਾਨ ਫ਼ਨਕਾਰ ਕਮਲ ਗਰੇਵਾਲ, ਜਿੰਨ੍ਹਾਂ ਦੀ ਨਿੱਜੀ ਅਤੇ ਪਰਿਵਾਰਿਕ ਜ਼ਿੰਦਗੀ ਨਾਲ ਜੁੜੇ ਕੁਝ ਅਜਿਹੇ ਸੱਚ ਵੀ ਰਹੇ ਹਨ।
ਜੋ ਹਾਲੇ ਤੱਕ ਦੁਨੀਆਂ ਅਤੇ ਖਾਸ ਕਰ ਉਨ੍ਹਾਂ ਦੇ ਚਾਹੁੰਣ ਵਾਲਿਆਂ ਸਾਹਮਣੇ ਨਹੀ ਆਏ, ਇੰਨ੍ਹਾਂ ਵਿਚੋਂ ਹੀ ਇਕ ਤਲਖ਼ ਸੱਚਾਈ ਰਹੀ ਹੈ ਪ੍ਰਵਾਸੀ ਭਾਰਤੀਆਂ ਦੀਆਂ ਹੜੱਪ ਕੀਤੀਆਂ ਜਾ ਰਹੀਆਂ ਜ਼ਮੀਨਾਂ-ਜਾਇਦਾਦਾਂ ਨੂੰ ਕਬਜ਼ਿਆਂ ਰਹਿਤ ਕਰਵਾਉਣਾ, ਜਿੰਨ੍ਹਾਂ ਲਈ ਕਈ ਵਾਰ ਜਾਨ ਦੀ ਬਾਜ਼ੀ ਲਗਾ ਚੁੱਕਾ ਅਤੇ ਹੱਕ, ਸੱਚ ਨਾਲ ਖੜਾ ਰਿਹਾ ਹੈ ਇਹ ਅਣਖ਼ੀ ਅਤੇ ਜੂਝਾਰੂ ਨੌਜਵਾਨ, ਜੋ ਹੁਣ ਆਪਣੀਆਂ ਇੰਨ੍ਹਾਂ ਹੀ ਹੱਢ ਹੰਢਾਈਆਂ ਆਪ ਬੀਤੀਆਂ ਨੂੰ ਪੰਜਾਬੀ ਬਾਇਓਪਿਕ ‘ਸ਼ੌਂਕ ਸਰਦਾਰੀ ਦਾ’ ਦੁਆਰਾ ਦਰਸ਼ਕਾਂ ਅਤੇ ਆਪਣੇ ਕਦਰਦਾਨਾਂ ਸਨਮੁੱਖ ਕਰਨ ਜਾ ਰਹੇ ਹਨ।
ਜਿਸ ਨਾਲ ਇਹ ਹੋਣਹਾਰ, ਸੁਰੀਲਾ, ਅਨੂਠੀ ਸੰਗੀਤਕ ਸਮਝ ਰੱਖਦਾ ਅਤੇ ਸੋਹਣਾ, ਸੁਨੱਖਾ ਗਾਇਕ ਬਤੌਰ ਅਦਾਕਾਰ ਸਿਲਵਰ ਸਕਰੀਨ 'ਤੇ ਸ਼ਾਨਦਾਰ ਪਾਰੀ ਦਾ ਆਗਾਜ਼ ਕਰੇਗਾ। ਕੈਨੇਡਾ ਆਧਾਰਿਤ ਅਤੇ ਲੰਮੇਰ੍ਹਾ ਸਿਨੇਮਾ ਤਜ਼ਰਬਾ ਹੰਢਾ ਚੁੱਕੇ ਮੰਝੇ ਹੋਏ ਨਿਰਦੇਸ਼ਕ ਕੇ.ਐਸ ਘੁੰਮਣ ਦੀ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦਾ ਨਿਰਮਾਣ ‘ਜੇ.ਪੀ ਫ਼ਿਲਮਜ਼’ ਅਤੇ ‘ਮੋਸ਼ਨ ਪਿਕਚਰਜ਼’ ਦੇ ਬੈਨਰ ਅਧੀਨ ਕੀਤਾ ਗਿਆ ਹੈ।
ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਫ਼ਿਲਮਾਈ ਗਈ ਇਸ ਫਿਲਮ ਦਾ ਕਹਾਣੀ ਲੇਖਨ ਕਮਲ ਗਰੇਵਾਲ ਵੱਲੋਂ ਹੀ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਖ਼ਤਰਿਆਂ ਨਾਲ ਖੇਡਦੇ ਨੌਜਵਾਨੀ ਜ਼ਜ਼ਬਿਆਂ ਦੀ ਤਰਜ਼ਮਾਨੀ ਕਰਦੀ ਹੈ, ਉਨ੍ਹਾਂ ਦੀ ਇਹ ਪਲੇਠੀ ਫਿਲਮ, ਜੋ ਸੱਚੀਆਂ ਹਾਲਾਤਾਂ ਆਧਾਰਿਤ ਕਹਾਣੀਸਾਰ ਤਾਣੇ ਬਾਣੇ ਅਧੀਨ ਬੁਣੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਦੇ ਕੈਨੇਡਾ ਵਸੇਬੇ ਅਤੇ ਸੰਗੀਤਕ ਖੇਤਰ ਵਿਚ ਅਥਾਹ ਮਸ਼ਰੂਫ਼ੀਅਤ ਭਰੇ ਕਰੀਅਰ ਦੇ ਬਾਵਜੂਦ ਉਨ੍ਹਾਂ ਦਾ ਮਨ ਗਾਹੇ-ਬਗਾਹੇ ਆਪਣੇ ਅਸਲ ਪੰਜਾਬ ਨਾਲ ਜੁੜੇ ਸਿਨੇਮਾ ਲਈ ਕੁਝ ਅਲਹਦਾ ਕਰਨ ਲਈ ਹਮੇਸ਼ਾ ਹੀ ਲੋਚਦਾ ਰਹਿੰਦਾ ਸੀ, ਜਿਸ ਦੇ ਨਤੀਜੇ ਵਜੋਂ ਹੀ ਉਨ੍ਹਾਂ ਵੱਲੋਂ ਇਸ ਫਿਲਮ ਨੂੰ ਵਜ਼ੂਦ ਦੇਣ ਦਾ ਫ਼ੈਸਲਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਰੋਜ਼ੀ-ਰੋਟੀ ਖ਼ਾਤਰ ਵਿਦੇਸ਼ੀ ਉਡਾਰੀ ਮਾਰਨ ਵਾਲੇ ਅਤੇ ਉਥੋਂ ਵਸਣ ਬਾਅਦ ਆਪਣੀਆਂ ਜੜ੍ਹਾਂ ਦੇ ਨਾਲ ਨਾਲ ਪ੍ਰਵਾਸੀ ਭਾਰਤੀ ਆਪਣੀਆਂ ਅਸਲ ਜਾਇਦਾਦਾਂ ਤੋਂ ਵੀ ਕੁਝ ਆਪਣਿਆਂ ਵੱਲੋਂ ਹੀ ਲਾਲਚ-ਵੱਸ ਦੂਰ ਕੀਤੇ ਜਾ ਰਹੇ ਹਨ, ਜਿੰਨ੍ਹਾਂ ਦੀ ਜਨਮਭੂਮੀ ਨਾਲ ਜੁੜੀਆਂ ਅਜਿਹੀਆਂ ਹੀ ਤਲਖ਼ ਹਕੀਕਤਾਂ ਦਾ ਪਰਦਾਫਾਸ਼ ਕਰਨ ਦੇ ਨਾਲ ਨਾਲ ਇਹ ਫਿਲਮ ਨੌਜਵਾਨ ਅਤੇ ਸਿੱਖਿਆਰਥੀ ਵਰਗ ਨੂੰ ਹਨੇਰੀਅ੍ਹਾਂ ਰਾਹਾਂ ਵੱਲ ਲਿਜਾ ਰਹੇ ਅਜੋਕੇ ਹਾਲਾਤਾਂ ਦਾ ਵੀ ਦਿਲ ਟੁੰਬਵਾਂ ਵਰਣਨ ਕਰੇਗੀ।
ਉਨ੍ਹਾਂ ਦੱਸਿਆ ਕਿ ਪੜ੍ਹਾਈ ਕੇਂਦਰਾਂ ਵਿਚ ਵੱਧ ਰਹੇ ਰਾਜਨੀਤਿਕ, ਮੌਕਾਪ੍ਰਸਤੀ ਭਰੇ ਦਖ਼ਲ ਅਤੇ ਇਸ ਨਾਲ ਸਾਹਮਣੇ ਆਉਣ ਵਾਲੇ ਕਈ ਤਰ੍ਹਾਂ ਦੇ ਨਾਂਹ ਅਤੇ ਹਾਂ ਪੱਖੀ ਪ੍ਰਭਾਵਾਂ ਨੂੰ ਦਰਸਾਉਂਦੀ ਇਹ ਫਿਲਮ ਨੌਜਵਾਨਾਂ ਦੇ ਨਾਲ ਨਾਲ ਹਰ ਵਰਗ ਅਤੇ ਪਰਿਵਾਰ ਨੂੰ ਪਸੰਦ ਆਵੇਗੀ, ਜਿਸ ਵਿਚ ਮਿਆਰੀ ਅਤੇ ਦਿਲਚਸਪੀ ਭਰਪੂਰ ਮੰਨੋਰੰਜਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਐਕਸ਼ਨ, ਮੋਹ ਭਰੇ ਪਰਿਵਾਰਿਕ ਰਿਸ਼ਤਿਆਂ ਨਾਲ ਅੋਤ ਪੋਤ ਇਸ ਫਿਲਮ ’ਚ ਰੋਮਾਂਟਿਕ ਟ੍ਰੈਐਂਗਲ ਪੁੱਟ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਸਿਨੇਮਾ ਖੇਤਰ ਵਿਚ ਕੁਝ ਵੱਖਰਾ ਕਰ ਗੁਜ਼ਰਣ ਦੀ ਚਾਅ ਰੱਖਦੇ ਗਾਇਕ-ਅਦਾਕਾਰ ਕਮਲ ਗਰੇਵਾਲ ਅੱਗੇ ਦੱਸਦੇ ਹਨ ਕਿ ਅਦਾਕਾਰ ਅਤੇ ਫਿਲਮ ਨਿਰਮਾਣਕਾਰ ਦੇ ਤੌਰ 'ਤੇ ਉਨ੍ਹਾਂ ਦੀ ਸੋਚ ਅਤੇ ਪਹਿਲ ਮਿੱਟੀ ਅਤੇ ਪੁਰਾਤਨ ਪੰਜਾਬ ਦੀ ਤਸਵੀਰ ਪੇਸ਼ ਕਰਦੀਆਂ ਫਿਲਮਾਂ ਬਣਾਉਣ ਅਤੇ ਇੰਨ੍ਹਾਂ ਦਾ ਹਿੱਸਾ ਬਣਨ ਦੀ ਰਹੇਗੀ।
ਪੰਜਾਬੀ ਗਾਇਕੀ ਖੇਤਰ ਵਿਚ ‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ’ ਦੇ ਨਾਲ ਵਾਲੀ ਸੋਚ ਅਪਣਾਉਣ ਵਾਲੇ ਗਾਇਕ-ਅਦਾਕਾਰ ਕਮਲ ਗਰੇਵਾਲ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਆਖਦੇ ਹਨ ਕਿ ਫਿਲਮੀ ਖੇਤਰ ਦਾ ਹਿੱਸਾ ਬਣਨ ਲਈ ਉਨ੍ਹਾਂ ਕਦੇ ਕਾਹਲ ਨਹੀਂ ਕੀਤੀ, ਬਲਕਿ ਪੂਰੀ ਐਕਟਿੰਗ ਤਿਆਰੀ ਅਤੇ ਬੇਸਿਕ ਸਿਨੇਮਾ ਸਮਝ ਬਾਅਦ ਹੀ ਉਹ ਇਸ ਖਿੱਤੇ ਵਿਚ ਪੈਰ ਧਰਨ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਉਨ੍ਹਾਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਦਾ ਆ ਰਿਹਾ ਹੈ, ਜਿੰਨ੍ਹਾਂ ਦੇ ਇਸ ਪਿਆਰ, ਸਨੇਹ ਦੇ ਮੱਦੇਨਜ਼ਰ ਹੀ ਸੰਗੀਤਕ ਮਾਰਕੀਟ ਵਿਚ ਜਾਰੀ ਹੋਇਆ ਉਨ੍ਹਾਂ ਦੀ ਹਰ ਐਲਬਮ ਅਤੇ ਗੀਤ ਚਾਹੇ ਉਹ ‘ਸਰਦਾਰੀ’, ‘ਕੈਦ’, ‘ਅੱਖੀਆਂ’, ‘ਸਰਦਾਰੀ ਅਗੇਨ’, ‘ਇਕ ਪਲ’, ‘ਪਰਿੰਦਾ’, ‘ਆਪੇ ਮਿਲੂਗੀ' ਆਦਿ ਹਰ ਇਕ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ।
ਪੰਜਾਬੀ ਗਾਇਕੀ ਤੋਂ ਬਾਅਦ ਸਿਨੇਮਾ ਖੇਤਰ ਵਿਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਚੁੱਕੇ ਅਦਾਕਾਰ ਕਮਲ ਗਰੇਵਾਲ ਆਪਣੀ ਇਸ ਪਹਿਲੀ ਫਿਲਮ ਦੇ ਹੋਰਨਾਂ ਪਹਿਲੂਆਂ ਬਾਰੇ ਚਰਚਾ ਕਰਦੇ ਦੱਸਦੇ ਹਨ ਕਿ ਫਿਲਮ ਦੀ ਥੀਮ, ਨਿਰਦੇਸ਼ਨਾਂ ਤੋਂ ਲੈ ਕੇ ਹੋਰਨਾਂ ਪੱਖਾਂ ਚਾਹੇ ਉਹ ਸਿਨੇਮਾਟੋਗ੍ਰਾਫ਼ੀ ਹੋਵੇ ਜਾਂ ਫਿਰ ਗੀਤ, ਸੰਗੀਤ ਨੂੰ ਉਮਦਾ ਬਣਾਉਣ ਲਈ ਪੂਰੀ ਤਰੱਦਦ ਕੀਤੀ ਗਈ ਹੈ, ਜਿਸ ਸਦਕਾ ਉਨ੍ਹਾਂ ਦੇ ਖੁਦ ਦੇ ਲਿਖੇ ਗੀਤਾਂ ਨੂੰ ਦੀਪ ਜੰਡੂ, ਨਿੱਕ ਧੰਮੂ, ਜਤਿੰਦਰ ਜੀਤ, ਵਿਕਟਰ ਕੰਬੋਜ਼ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਿੰਨ੍ਹਾਂ ਨੂੰ ਪਿੱਠਵਰਤੀ ਗਾਇਕਾਂ ਵਜੋਂ ਆਵਾਜ਼ਾਂ ਉਨਾਂ ਤੋਂ ਇਲਾਵਾ ਫ਼ਿਰੋਜ਼ਖ਼ਾਨ, ਅੰਗਰੇਜ਼ ਅਲੀ ਆਦਿ ਨੇ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਇਸੇ ਮਹੀਨੇ 23 ਜੂਨ ਨੂੰ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ ਕਾਸਟ ਵਿਚ ਉਨ੍ਹਾਂ ਨਾਲ ਲੀਡ ਐਕਟ੍ਰੈਸ ਦੇ ਤੌਰ 'ਤੇ ਇਰਵਿਨ ਮੀਤ ਨਜ਼ਰ ਆਵੇਗੀ, ਜਿਸ ਤੋਂ ਇਲਾਵਾ ਨਿਰਮਲ ਰਿਸ਼ੀ, ਤਰਸੇਮ ਪਾਲ, ਗੁਰਮੀਤ ਸਾਜਨ, ਯਾਦ ਗਰੇਵਾਲ, ਮਾਮਾ ਬਦੋਵਾਲੀਆਂ, ਰਵਿੰਦਰ ਸਰਾਂ, ਮਨੀ ਬੋਪਾਰਾਏ, ਰਾਣਾ ਭੰਗੂ, ਦਲਵੀਰ ਸਿੰਘ, ਦਿਲਾਵਾਰ ਸਿੱਧੂ, ਪਰਮਿੰਦਰ ਗਿੱਲ, ਐਚ.ਆਰ.ਡੀ ਸਿੰਘ ਆਦਿ ਜਿਹੇ ਮੰਨੇ ਪ੍ਰਮੰਨੇ ਚਿਹਰਿਆਂ ਵੱਲੋਂ ਵੀ ਇਸ ਫਿਲਮ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਲੁਧਿਆਣਾ, ਜਲੰਧਰ, ਸਮਰਾਲਾ, ਮੁੱਲਾਪੁਰ, ਦੋਰਾਹਾ, ਨੰਗਲ ਆਦਿ ਵਿਖੇ ਫਿਲਮਾਈ ਗਈ ਇਸ ਫਿਲਮ ਦੇ ਕੈਮਰਾਮੈਨ ਨਜ਼ੀਰ ਖ਼ਾਨ ਹਨ, ਜੋ ਬਾਲੀਵੁੱਡ ਦੀਆਂ ਕਈ ਵੱਡੀਆਂ ਅਤੇ ਕਾਮਯਾਬ ਫਿਲਮਾਂ ਨੂੰ ਮਨਮੋਹਕ ਅਤੇ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।