ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਕਈ ਗੰਭੀਰ ਅਤੇ ਅਰਥ-ਭਰਪੂਰ ਵਿਸ਼ੇ ਆਧਾਰਿਤ ਫਿਲਮਾਂ ਦਾ ਲੇਖਨ ਕਰ ਚੁੱਕੇ ਬੇਹਤਰੀਨ ਲੇਖਕ ਇੰਦਰਪਾਲ ਸਿੰਘ ਹੁਣ ਹਾਸ-ਰਾਸ ਫਿਲਮ ‘ਸਿੱਧੂਜ ਆਫ਼ ਸਾਊਥਾਲ’ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦਾ ਨਿਰਦੇਸ਼ਨ ਨਵਨੀਅਤ ਸਿੰਘ ਵੱਲੋਂ ਕੀਤਾ ਗਿਆ ਹੈ। ‘ਵਾਈਟ ਹਿੱਲ ਪ੍ਰੋਡੋਕਸ਼ਨ ਹਾਊਸ’ ਦੁਆਰਾ ਨਿਰਮਿਤ ਕੀਤੀ ਗਈ ਅਤੇ ਲੰਦਨ ਵਿਖੇ ਸ਼ੂਟ ਕੀਤੀ ਗਈ ਇਸ ਫਿਲਮ ਨੂੰ 19 ਮਈ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਰਜਵਾੜ੍ਹਾਸ਼ਾਹੀ ਜ਼ਿਲ੍ਹੇ ਪਟਿਆਲਾ ਨਾਲ ਸੰਬੰਧਤ ਇਸ ਹੋਣਹਾਰ ਲੇਖਕ ਦੇ ਹਾਲੀਆ ਫਿਲਮੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਆਪਣੀਆਂ ਬਾਕਮਾਲ ਲੇਖਕ ਸਮਰੱਥਾਵਾਂ ਦਾ ਇਜ਼ਹਾਰ ਕਰਵਾਉਂਦਿਆਂ ਉਨ੍ਹਾਂ ਬਹੁਤ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਇਸ ਖੇਤਰ ਵਿਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਦਾ ਮਾਣ ਹਾਸਿਲ ਕਰ ਲਿਆ ਹੈ।
ਜੇਕਰ ਇੰਨ੍ਹਾਂ ਵੱਲੋਂ ਲਿਖੀਆਂ ਗਈਆਂ ਫਿਲਮਾਂ ਦਾ ਉਲੇਖ ਕੀਤਾ ਜਾਵੇ ਤਾਂ ਇੰਨ੍ਹਾਂ ’ਚ ‘ਰੁਪਿੰਦਰ ਗਾਂਧੀ2’, ‘ਡਾਕੂਆਂ ਦਾ ਮੁੰਡਾ’, ‘ਜਿੰਦੜ੍ਹੀ’, ‘ਬਲੈਕੀਆਂ’, ‘ਡੀਐਸਪੀ ਦੇਵ’, ‘ਸ਼ਰੀਕ 2’ ਪੰਜਾਬੀ ਤੋਂ ਇਲਾਵਾ ਨਵਾਜ਼ੂਦੀਨ ਸਿੱਦਿਕੀ ਸਟਾਰਰ ਆਗਾਮੀ ਅਤੇ ਚਰਚਿਤ ਹਿੰਦੀ ਫਿਲਮ ‘ਨੂਰਾਨੀ ਚਿਹਰਾ’ ਅਤੇ ਪੰਜਾਬੀ ‘ਬਲੈਕੀਆਂ 2’ ਵੀ ਸ਼ਾਮਿਲ ਹੈ, ਜਿਸ ਦਾ ਨਿਰਮਾਣ ਬਾਲੀਵੁੱਡ ਦੀ ਮਸ਼ਹੂਰ ਫਿਲਮ ਨਿਰਮਾਣ ਕੰਪਨੀ ‘ਪਨੋਰਮਾ ਸਟੂਡਿਓ’ ਕਰ ਰਹੀ ਹੈ।
ਲੇਖਨ ਤੋਂ ਇਲਾਵਾ ਦੇਵ ਖਰੌੜ ਸਟਾਰਰ ‘ਜ਼ਖ਼ਮੀ’ ਜਿਹੀ ਸ਼ਾਨਦਾਰ ਪਰਿਵਾਰਿਕ-ਐਕਸ਼ਨ ਫਿਲਮ ਦਾ ਨਿਰਦੇਸ਼ਨ ਵੀ ਕਰ ਚੁੱਕੇ ਇੰਦਰਪਾਲ ਸਿੰਘ ਦੱਸਦੇ ਹਨ ਕਿ ਸਿਨੇਮਾ ਲਈ ਲੇਖਨ ਕਰਦਿਆਂ ਮਹਿਜ਼ ਕਮਰਸ਼ੀਅਲ ਸੋਚ ਅਪਨਾਉਣਾ ਉਨ੍ਹਾਂ ਦਾ ਕਦੇ ਵੀ ਉਦੇਸ਼ ਨਹੀਂ ਰਿਹਾ ਬਲਕਿ ਹਰ ਵਾਰ ਕੋਸ਼ਿਸ਼ ਅਜਿਹੀ ਵਿਸ਼ੇ ਚੁਣਨ ਦੀ ਰਹਿੰਦੀ ਹੈ, ਜਿਸ ਨਾਲ ਗਲਤ ਰਾਹਾਂ ਦਾ ਸ਼ਿਕਾਰ ਹੋ ਰਹੇ ਨੌਜਵਾਨ ਵਰਗ ਨੂੰ ਉਸਾਰੂ ਸੇਧ ਵੀ ਦਿੱਤੀ ਜਾ ਸਕੇ।