ਫਰੀਦਕੋਟ:ਰਿਲੀਜ਼ ਹੋਈ ਸੰਨੀ ਲਿਓਨ ਅਤੇ ਰਜਨੀਸ਼ ਦੁੱਗਲ ਸਟਾਰਰ ਚਰਚਿਤ ਹਿੰਦੀ ਫ਼ਿਲਮ ‘ਬੇਈਮਾਨ ਲਵ’ ਨਾਲ ਬਾਲੀਵੁੱਡ ਵਿਚ ਸ਼ਾਨਦਾਰ ਆਗਮਣ ਕਰਨ ਵਾਲੇ ਅਦਾਕਾਰ ਯੁਵਰਾਜ ਐਸ ਸਿੰਘ ਹੁਣ ਬਤੌਰ ਨਿਰਮਾਤਾ ਹਿੰਦੀ ਹੀ ਨਹੀਂ ਸਗੋਂ ਪੰਜਾਬੀ ਸਿਨੇਮਾਂ ਖਿੱਤੇ ’ਚ ਵੀ ਮਜ਼ਬੂਤ ਪੈੜ੍ਹਾ ਸਥਾਪਿਤ ਕਰਦੇ ਜਾ ਰਹੇ ਹਨ।
ਯੁਵਰਾਜ ਐਸ ਸਿੰਘ ਇਨ੍ਹਾਂ ਫਿਲਮਾਂ ਲਈ ਕਰ ਚੁੱਕੇ ਨੇ ਸਹਿ ਨਿਰਮਾਤਾ ਵਜੋਂ ਕੰਮ: ਮੂਲ ਰੂਪ ਵਿਚ ਗੁੜਗਾਓ ਨਾਲ ਸਬੰਧਤ ਇਸ ਹੋਣਹਾਰ ਅਦਾਕਾਰ ਵੱਲੋਂ ਪਿਛਲੇ ਕੁਝ ਦਿਨ੍ਹਾਂ ਦੌਰਾਨ ਰਿਲੀਜ਼ ਹੋਈਆਂ ਕਈ ਵੱਡੀਆਂ ਅਤੇ ਚਰਚਿਤ ਮਲਟੀਸਟਾਰਰ ਪੰਜਾਬੀ ਫ਼ਿਲਮਾਂ ਦਾ ਸਹਿ ਨਿਰਮਾਣ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ। ਜਿੰਨ੍ਹਾਂ ਵਿਚ ਕਿਸਮਤ, ਕਿਸਮਤ 2, ਮੋਹ, ਸਹੁਰਿਆਂ ਦਾ ਪਿੰਡ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਆਉਣ ਵਾਲੇ ਦਿਨ੍ਹਾਂ ਵਿਚ ਵੀ ਕੁਝ ਹੋਰ ਹਿੰਦੀ ਅਤੇ ਪੰਜਾਬੀ ਪ੍ਰੋਜੈਕਟਾਂ ਦੇ ਪ੍ਰੀ ਪ੍ਰੋਡੋਕਸ਼ਨ ਕੰਮ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਯੁਵਰਾਜ ਐਸ ਸਿੰਘ ਦਾ ਕਰੀਅਰ:ਪੰਜਾਬ ਅਤੇ ਪੰਜਾਬੀਅਤ ਨਾਲ ਪਿਆਰ, ਸਨੇਹ ਰਖਦੇ ਇਸ ਅਦਾਕਾਰ ਨਾਲ ਉਨ੍ਹਾਂ ਦੇ ਸਫ਼ਰ ਅਤੇ ਯੋਜਨਾਵਾਂ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗਲੈਮਰ ਦੀ ਦੁਨੀਆਂ ਵੱਲ ਉਨ੍ਹਾਂ ਦਾ ਅਕਾਰਸ਼ਣ ਬਚਪਣ ਤੋਂ ਹੀ ਸੀ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਏ.ਐਸ.ਟੀ ਨੋਇਡਾ ਤੋਂ ਐਕਟਿੰਗ ਕੋਰਸ ਪੂਰਾ ਕੀਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਸਫ਼ਰ ਵਿੱਚ ਅੱਗੇ ਵਧਦਿਆਂ ਉਨ੍ਹਾਂ ਨੇ ਜਿੱਥੇ ਕਈ ਫਿਲਮਾਂ ਵਿੱਚ ਅਦਾਕਾਰ ਵਜੋਂ ਕੰਮ ਕੀਤਾ, ਉਥੇ ਹੀ ਕਈ ਫ਼ਿਲਮਾਂ ਦਾ ਨਿਰਮਾਣ ਵੀ ਆਪਣੀ ਫ਼ਿਲਮ ਕੰਪਨੀ ਦੇ ਬੈਨਰ ਹੇਠ ਕੀਤਾ ਹੈ। ਜਿਸ ਕਰਕੇ ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਦੇ ਕਈ ਨਾਮੀ ਫ਼ਿਲਮ ਪੁਰਸਕਾਰ ਸਮਾਰੋਹ ਵਿਚ ਸਨਮਾਨਿਤ ਹੋਣ ਦਾ ਮਾਣ ਵੀ ਹਾਸਿਲ ਹੋਇਆ ਹੈ। ਹਿੰਦੀ, ਪੰਜਾਬੀ ਸਿਨੇਮਾਂ ਤੋਂ ਇਲਾਵਾ ਸਾਉੂਥ ਫ਼ਿਲਮ ਇੰਡਸਟਰੀ ਵਿੱਚ ਵੀ ਕੁਝ ਵਿਲੱਖਣ ਕਰ ਗੁਜਰਣ ਦੀ ਚਾਹ ਰਖਦੇ ਇਸ ਅਦਾਕਾਰ ਨੇ ਦੱਸਿਆ ਕਿ ਦੇਖਿਆ ਜਾਵੇ ਤਾਂ ਮੌਜੂਦਾ ਸਮੇਂ ਵਿੱਚ ਨੌਜਵਾਨ ਨਿਰਦੇਸ਼ਕ ਬਹੁਤ ਹੀ ਅਰਥਭਰਪੂਰ ਕੰਟੈਂਟ ਵਾਲੀਆਂ ਫਿਲਮਾਂ ਲੈ ਕੇ ਸਾਹਮਣੇ ਆ ਰਹੇ ਹਨ ਅਤੇ ਉਹ ਵੀ ਅਜਿਹੀਆਂ ਫਿਲਮਾਂ ਕਰਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਲਗਾਤਾਰ ਕੰਮ ਕਰਨ ਕਰਕੇ ਬਤੌਰ ਅਦਾਕਾਰ ਅਤੇ ਨਿਰਮਾਤਾ ਉਨ੍ਹਾਂ ਨੂੰ ਬਹੁਤ ਕੁਝ ਜਾਣਨ ਅਤੇ ਸਮਝਨ ਦਾ ਅਵਸਰ ਮਿਲਿਆ ਹੈ।
ਯੁਵਰਾਜ ਐਸ ਸਿੰਘ ਦੇ ਬਹੁਤ ਸਾਰੇ ਪ੍ਰੋਜੋਕਟਾਂ ਦਾ ਜਲਦ ਹੋਵੇਗਾ ਐਲਾਨ:ਉਨ੍ਹਾਂ ਨੇ ਅੱਗੇ ਦੱਸਿਆ ਕਿ ਜਲਦ ਹੀ ਅਦਾਕਾਰ ਅਤੇ ਨਿਰਮਾਤਾ ਵਜੋਂ ਉਨ੍ਹਾਂ ਦੇ ਅਗਲੇ ਪ੍ਰੋਜੋਕਟ, ਜਿਸ ਵਿਚ ਓਟੀਟੀ ਫ਼ਿਲਮਾਂ, ਮਿਊਜ਼ਿਕ ਵੀਡੀਓਜ਼ ਆਦਿ ਸ਼ਾਮਿਲ ਹਨ, ਦਾ ਨਿਰਮਾਣ ਕੀਤਾ ਜਾਵੇਗਾ। ਜਿਸ ਵਿਚ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਦੀਆਂ ਅਦਾਕਾਰਾ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੀਆਂ। ਇਸ ਵਿੱਚ ਓਟੀਟੀ ਸੀਰੀਜ਼ ‘ਨੌੋਕ ਨੌਕ’ ਅਤੇ ਵੈਬ ਸੀਰੀਜ਼ ‘ਅਜੀਬ’ ਆਦਿ ਵੀ ਸ਼ਾਮਿਲ ਹਨ। ਇਸ ਸਬੰਧੀ ਫ਼ਿਲਮ ਦੇ ਟਾਈਟਲ ਅਤੇ ਹੋਰ ਰਸਮੀ ਐਲਾਨ ਜਲਦ ਕੀਤੇ ਜਾਣਗੇ।