ਮੁੰਬਈ (ਬਿਊਰੋ): ਬਾਲੀਵੁੱਡ ਨੇ 26 ਜਨਵਰੀ 2023 ਯਾਨੀ ਗਣਤੰਤਰ ਦਿਵਸ 'ਤੇ ਧਮਾਕਾ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਮੌਕੇ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਰਿਲੀਜ਼ ਹੋਣ ਜਾ ਰਹੀ ਹੈ, ਜੋ ਦੇਸ਼ ਭਗਤੀ ਵਾਲੀ ਫਿਲਮ ਦਾ ਅਹਿਸਾਸ ਕਰਵਾਏਗੀ। ਹੁਣ 26 ਜਨਵਰੀ ਤੋਂ ਤਿੰਨ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੀ ਦੇਸ਼ ਭਗਤੀ ਨਾਲ ਭਰਪੂਰ ਫਿਲਮ ‘ਏ ਵਤਨ ਮੇਰੇ ਵਤਨ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਮਸ਼ਹੂਰ ਫਿਲਮਕਾਰ ਕਰਨ ਜੌਹਰ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਸਾਰਾ ਦੀ ਆਉਣ ਵਾਲੀ ਦੇਸ਼ਭਗਤੀ ਵਾਲੀ ਫਿਲਮ 'ਏ ਵਤਨ ਮੇਰੇ ਵਤਨ' ਦਾ ਕਰਨ ਜੌਹਰ ਦੁਆਰਾ ਸਾਂਝਾ ਕੀਤਾ ਗਿਆ, ਟੀਜ਼ਰ ਤੁਹਾਨੂੰ ਹੈਰਾਨ ਕਰਨ ਵਾਲਾ ਹੈ। ਇਸ ਟੀਜ਼ਰ 'ਚ ਸਾਰਾ ਅਲੀ ਖਾਨ ਚਿੱਟੀ ਸਾੜ੍ਹੀ 'ਚ ਆਜ਼ਾਦੀ ਲਈ ਲੜ ਰਹੇ ਇਕ ਗੁਮਨਾਮ ਸੁਤੰਤਰਤਾ ਸੈਨਾਨੀ ਦੀ ਭੂਮਿਕਾ 'ਚ ਹੈ ਅਤੇ ਉਹ ਰੇਡੀਓ 'ਤੇ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਅੰਗਰੇਜ਼ਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਨੂੰ ਕੁਚਲ ਦਿੱਤਾ ਹੈ ਪਰ ਆਜ਼ਾਦ ਆਵਾਜ਼ਾਂ ਨੂੰ ਕੈਦ ਨਹੀਂ ਕੀਤਾ ਜਾਂਦਾ। ਇਹ ਭਾਰਤ ਦੀ ਆਵਾਜ਼ ਹੈ, ਹਿੰਦੁਸਤਾਨ ਮੈਂ ਕਹੀਂ ਸੇ… ਕਹੀਂ ਪੇ ਹਿੰਦੁਸਤਾਨ।
ਸਾਰਾ ਅਲੀ ਖਾਨ ਨੇ ਪਿਛਲੇ ਸਾਲ (2022) 'ਚ ਆਪਣੀ ਪਹਿਲੀ ਦੇਸ਼ ਭਗਤੀ ਫਿਲਮ 'ਏ ਵਤਨ ਮੇਰੇ ਵਤਨ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫਿਲਮ ਦੇਸ਼ ਦੀ ਆਜ਼ਾਦੀ ਲਈ ਚਲਾਏ ਗਏ ਭਾਰਤ ਛੱਡੋ ਅੰਦੋਲਨ (1942) 'ਤੇ ਆਧਾਰਿਤ ਹੈ। ਇਸ ਫਿਲਮ 'ਚ ਸਾਰਾ, ਮਹਿਲਾ ਸੁਤੰਤਰਤਾ ਸੈਨਾਨੀ ਊਸ਼ਾ ਮਹਿਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਊਸ਼ਾ ਨੇ ਭਾਰਤ ਛੱਡੋ ਅੰਦੋਲਨ ਦੌਰਾਨ ਗੁਪਤ ਸੰਚਾਲਕ ਬਣ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ। ਦੱਸ ਦਈਏ ਕਿ ਊਸ਼ਾ ਮਹਿਤਾ ਨੇ ਰੇਡੀਓ ਸਰਵਿਸ 'ਕਾਂਗਰਸ ਰੇਡੀਓ' ਸ਼ੁਰੂ ਕੀਤੀ ਸੀ। ਇਸ ਰਾਹੀਂ ਊਸ਼ਾ ਨੇ ਅੰਗਰੇਜ਼ਾਂ ਦੇ ਕਈ ਕਾਲੇ ਮਨਸੂਬਿਆਂ ਨੂੰ ਤਬਾਹ ਕਰ ਦਿੱਤਾ ਸੀ, ਜਦੋਂ ਅੰਗਰੇਜ਼ਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ।
ਫਿਲਮ ਕਿੱਥੇ ਦੇਖੀ ਜਾ ਸਕੇਗੀ?:'ਏ ਵਤਨ ਮੇਰੇ ਵਤਨ' ਸਿਨੇਮਾ ਹਾਲਾਂ 'ਚ ਨਹੀਂ ਸਗੋਂ OTT ਪਲੇਟਫਾਰਮ Amazon Prime Video 'ਤੇ ਦਿਖਾਈ ਦੇਵੇਗੀ। ਫਿਲਮ ਕਦੋਂ ਸਟ੍ਰੀਮ ਕੀਤੀ ਜਾਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਫਿਲਮ ਦੀ ਕਹਾਣੀ ਦਰਬ ਫਾਰੂਕੀ ਨੇ ਲਿਖੀ ਹੈ, ਜਿਸ ਦਾ ਨਿਰਦੇਸ਼ਨ ਕੰਨਨ ਅਈਅਰ ਨੇ ਕੀਤਾ ਹੈ।
ਇਹ ਵੀ ਪੜ੍ਹੋ:ਕੇਐੱਲ ਰਾਹੁਲ-ਆਥੀਆ ਤੋਂ ਲੈ ਕੇ ਹਰਭਜਨ ਸਿੰਘ-ਗੀਤਾ ਬਸਰਾ ਤੱਕ, ਇੱਥੇ ਹਨ ਮਸ਼ਹੂਰ ਕ੍ਰਿਕਟਰ-ਅਦਾਕਾਰਾਂ ਦੀ ਜੋੜੀ