ਹੈਦਰਾਬਾਦ:ਸਾਊਥ ਸੁਪਰਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਸਟਾਰਰ ਮਿਥਿਹਾਸਕ ਫਿਲਮ 'ਆਦਿਪੁਰਸ਼' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਵੱਖਰਾ ਹੀ ਕ੍ਰੇਜ਼ ਹੈ। ਇਸ ਫਿਲਮ ਦੀ ਰਿਲੀਜ਼ 'ਚ ਦੋ ਹਫਤੇ ਵੀ ਨਹੀਂ ਬਚੇ ਹਨ। ਇਸ ਦੇ ਨਾਲ ਹੀ ਫਿਲਮ ਦਾ ਇੱਕ ਵੱਡਾ ਪ੍ਰੀ-ਰਿਲੀਜ਼ ਈਵੈਂਟ ਹੋਣ ਜਾ ਰਿਹਾ ਹੈ, ਜੋ ਤਿਰੂਪਤੀ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਫਿਲਮ ਦੀ ਪੂਰੀ ਸਟਾਰਕਾਸਟ ਤਿਰੂਪਤੀ 'ਚ ਇਕੱਠੀ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆਈ ਹੈ। ਖਾਸ ਗੱਲ ਇਹ ਹੈ ਕਿ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਦੇ ਥੀਏਟਰ ਦੀ ਪਹਿਲੀ ਸੀਟ ਭਗਵਾਨ ਹਨੂੰਮਾਨ ਦੇ ਨਾਂ 'ਤੇ ਰਾਖਵੀਂ ਹੋਵੇਗੀ।
ਮਤਲਬ ਹੁਣ ਦਰਸ਼ਕ ਦੇ ਨਾਲ ਭਗਵਾਨ ਹਨੂੰਮਾਨ ਵੀ ਇਸ ਫਿਲਮ ਨੂੰ ਦੇਖਣ ਲਈ ਥੀਏਟਰ 'ਚ ਬੈਠਣਗੇ। ਮੀਡੀਆ ਰਿਪੋਰਟਾਂ ਮੁਤਾਬਕ ਜਿੱਥੇ ਵੀ ਇਹ ਫਿਲਮ ਰਿਲੀਜ਼ ਹੋਵੇਗੀ, ਹਰ ਥੀਏਟਰ ਦੀ ਪਹਿਲੀ ਸੀਟ ਬਜਰੰਗਬਲੀ ਦੇ ਨਾਂ 'ਤੇ ਬੁੱਕ ਕੀਤੀ ਜਾਵੇਗੀ ਅਤੇ ਖਾਲੀ ਛੱਡ ਦਿੱਤੀ ਜਾਵੇਗੀ।