ਚੰਡੀਗੜ੍ਹ:ਸਟਾਰ ਪਲੱਸ ਪ੍ਰਾਈਮ ਟਾਈਮ 'ਤੇ ਵਿਖਾਏ ਜਾ ਰਹੇ ਸੀਰੀਅਲ ‘ਇਮਲੀ‘ ਵਿਚ ਨਿਭਾਏ ਜਾ ਰਹੇ ਪ੍ਰਭਾਵੀ ਨੈਗੇਟਿਵ ਕਿਰਦਾਰ ਲਈ ਨੌਜਵਾਨ ਅਤੇ ਉਭਰਦੀ ਅਦਾਕਾਰਾ ਸੀਰਤ ਕਪੂਰ ਨੂੰ ਮੁੰਬਈ ਵਿਖੇ ਹੋਣ ਜਾ ਰਹੇ ਮਸ਼ਹੂਰ ਟੈਲੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਮੂਲ ਰੂਪ ਵਿਚ ਚੰਡੀਗੜ੍ਹ ਨਾਲ ਸੰਬੰਧਤ ਇਸ ਹੋਣਹਾਰ ਅਦਾਕਾਰਾ ਨੇ ਬਹੁਤ ਥੋੜ੍ਹੇ ਜਿਹੇ ਸਮੇਂ ਵਿਚ ਹੀ ਮਕਬੂਲੀਅਤ ਦੇ ਕਈ ਨਵੇਂ ਆਯਾਮ ਮਾਇਆਨਗਰੀ ਮੁੰਬਈ ਅਤੇ ਛੋਟੇ ਪਰਦੇ 'ਤੇ ਕਾਇਮ ਕਰ ਲਏ ਹਨ।
ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਬਤੌਰ ਅਦਾਕਾਰ ਸ਼ਾਨਦਾਰ ਮੁਕਾਮ ਰੱਖਦੇ ਦਿੱਗਜ ਅਦਾਕਾਰ ਸੰਦੀਪ ਕਪੂਰ ਦੀ ਇਸ ਹੋਣਹਾਰ ਬੇਟੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਚੰਡੀਗੜ੍ਹ ਦੇ ਕੌਨਵੈਂਟ ਸਕੂਲ ਤੋਂ ਪ੍ਰਾਪਤ ਕੀਤੀ, ਜਿਸ ਉਪਰੰਤ ਉਸਨੇ ਆਪਣੀ ਬੀਕਾਮ ਮੁੰਬਈ ਦੇ ਪ੍ਰਸਿੱਧ ਕਾਲਜ ਮਿੱਠੀ ਬਾਈ ਤੋਂ ਪੂਰੀ ਕੀਤੀ। ਇਸੇ ਦੌਰਾਨ ਦੇਸ਼ ਵਿਦੇਸ਼ ਵਿੱਚ ਵੱਡਾ ਰੁਤਬਾ ਰੱਖਦੀ ਇਸੇ ਕਾਲਜ ਦੀ ਡਰਾਮਾ ਟੀਮ ‘ਐਮਡੀਟੀ’ ਦਾ ਵੀ ਉਸ ਨੂੰ ਸ਼ਾਨਦਾਰ ਹਿੱਸਾ ਬਣਨ ਦਾ ਮਾਣ ਮਿਲ ਚੁੱਕਿਆ ਹੈ।
ਹਾਲ ਹੀ ਵਿਚ ਆਈ ਸ਼ਾਹਿਦ ਕਪੂਰ ਸਟਾਰਰ ਜਰਸੀ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਦੱਸਿਆ ਕਿ ਬਾਲੀਵੁੱਡ ਦੇ ਉਚਕੋਟੀ ਐਕਟਰ ਅਮਿਤਾਬ ਬੱਚਨ ਨਾਲ ਐਡ ਫਿਲਮ ਕਰਨਾ ਵੀ ਉਨ੍ਹਾਂ ਦੇ ਅਭਿਨੈ ਕਰੀਅਰ ਲਈ ਇੱਕ ਮੀਲ ਪੱਥਰ ਵਾਂਗ ਰਿਹਾ ਹੈ।
ਪੰਜਾਬ ਤੋਂ ਚੱਲ ਕੇ ਮਹਾਨਗਰ ਮੁੰਬਈ ਵਿਚ ਵਿਲੱਖਣ ਵਜ਼ੂਦ ਪਾ ਲੈਣ ਵਿਚ ਸਫ਼ਲ ਰਹੇ ਪਰਿਵਾਰ ਨਾਲ ਤਾਲੁਕ ਰੱਖਦੀ ਸੀਰਤ ਪਾਰਲੇ 20-20 ਆਦਿ ਜਿਹੇ ਵੱਡੇ ਐਡ ਫਿਲਮ ਪ੍ਰੋਜੈਕਟ ਕਰਨ ਦੇ ਨਾਲ ਨਾਲ ਕਈ ਹੋਰ ਮਾਣ ਭਰੀਆਂ ਪ੍ਰਾਪਤੀਆਂ ਵੀ ਆਪਣੀ ਝੋਲੀ ਪਾ ਚੁੱਕੀ ਹੈ।
ਅਦਾਕਾਰੀ ਅਤੇ ਡਾਂਸ ਵਿਚ ਖਾਸੀ ਮੁਹਾਰਤ ਰੱਖਦੀ ਸੀਰਤ ਟ੍ਰੇਂਡ ਕਲਾਸੀਕਲ ਡਾਂਸਰ ਵੀ ਹੈ, ਜੋ ਇੰਨ੍ਹੀਂ ਦਿਨ੍ਹੀਂ ਬਾਲੀਵੁੱਡ ਅਤੇ ਛੋਟੇ ਪਰਦੇ ਦਾ ਚਰਚਿਤ ਨਾਂਅ ਬਣਦੀ ਜਾ ਰਹੀ ਹੈ। ਉਕਤ ਐਵਾਰਡ ਲਈ ਆਪਣੀ ਨਾਮਜ਼ਦਗੀ ਹੋਣ 'ਤੇ ਉਤਸ਼ਾਹ ਅਤੇ ਖੁਸ਼ੀ ਮਹਿਸੂਸ ਕਰ ਰਹੀ ਇਸ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦਾ ਪੂਰਾ ਸਿਹਰਾ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਂਦਾ ਹੈ, ਜਿੰਨ੍ਹਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਉਤਸ਼ਾਹ ਅਤੇ ਹੌਂਸਲੇ ਦੀ ਬਦੌਂਲਤ ਹੀ ਉਹ ਕਲਾ ਖੇਤਰ ਵਿਚ ਆਪਣੇ ਸੁਪਨਿਆਂ ਨੂੰ ਅੰਜ਼ਾਮ ਦੇਣ ਦਾ ਤਰੱਦਦ ਕਰ ਪਾ ਰਹੀ ਹੈ।
ਹਿੰਦੀ ਸਿਨੇਮਾ ਅਤੇ ਛੋਟੇ ਪਰਦੇ ਦੇ ਨਾਲ ਨਾਲ ਆਪਣੀ ਅਸਲ ਮਿੱਟੀ ਨਾਲ ਜੁੜ੍ਹੇ ਪੰਜਾਬੀ ਸਿਨੇਮਾ ਦਾ ਵੀ ਹਿੱਸਾ ਬਣਨ ਲਈ ਖ਼ਵਾਹਿਸ਼ਮੰਦ ਇਸ ਅਦਾਕਾਰਾ ਨੇ ਕਿਹਾ ਕਿ ਜੇਕਰ ਕੋਈ ਵਧੀਆਂ ਅਤੇ ਮਿਆਰੀ ਭੂਮਿਕਾ ਉਨ੍ਹਾਂ ਸਾਹਮਣੇ ਆਈ ਤਾਂ ਉਹ ਜਲਦ ਹੀ ਪਾਲੀਵੁੱਡ ਅਤੇ ਵਿਰਸੇ ਦੀ ਤਰਜ਼ਮਾਨੀ ਕਰਦੇ ਸਿਨੇਮਾ ਨਾਲ ਜੁੜ੍ਹਨ ’ਚ ਵੀ ਫ਼ਖਰ ਮਹਿਸੂਸ ਕਰੇਗੀ।
ਇਹ ਵੀ ਪੜ੍ਹੋ: Arijit Singh Birthday: ਅਰਿਜੀਤ ਸਿੰਘ ਮਨਾ ਰਹੇ ਨੇ ਅੱਜ ਆਪਣਾ 36ਵਾਂ ਜਨਮਦਿਨ, ਦੇਖੋ ਫੈਨਜ਼ ਕਿਵੇਂ ਦੇ ਰਹੇ ਹਨ ਸ਼ੁਭਕਾਮਨਾਵਾਂ