ਚੰਡੀਗੜ੍ਹ: ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਕਈ ਕਲਾਕਾਰਾਂ ਨੇ ਮੁੰਬਈ ਨਗਰੀ ਅਤੇ ਪੰਜਾਬੀ ਸਿਨੇਮਾ ਖੇਤਰ ਵਿਚ ਆਪਣੀਆਂ ਨਾਯਾਬ ਕਲਾਵਾਂ ਅਤੇ ਪ੍ਰਭਾਵੀ ਹੋਂਦ ਦਾ ਇਜ਼ਹਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ, ਜਿੰਨ੍ਹਾਂ ਦੀ ਹੀ ਸ਼ਾਨਦਾਰ ਲੜੀ ਨੂੰ ਹੋਰ ਮਾਣਭਰੇ ਆਯਾਮ ਦੇਣ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੀ ਇਸੇ ਸ਼ਹਿਰ ਨਾਲ ਤਾਲੁਕ ਰੱਖਦੀ ਅਦਾਕਾਰਾ ਸਵਿਤਾ ਧਵਨ, ਜੋ ਅਗਲੇ ਦਿਨ੍ਹੀਂ ਰਿਲੀਜ਼ ਹੋਣ ਵਾਲੀਆਂ ਕਈ ਪੰਜਾਬੀ ਅਤੇ ਲਘੂ ਫਿਲਮਾਂ ਵਿਚ ਕਾਫ਼ੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਵੇਗੀ।
‘ਐਨ.ਜੀ.ਐਫ਼ ਫ਼ਿਲਮਜ਼’ ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ ਇੰਨ੍ਹੀਂ ਦਿਨ੍ਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਸਪਾਸ ਦੇ ਇਲਾਕਿਆਂ ਵਿਚ ਹੀ ਫਿਲਮਾਈ ਜਾ ਰਹੀ ਪੰਜਾਬੀ ਲਘੂ ਫਿਲਮ ‘ਸਿਆਪਾ ਫੋਨ ਦਾ’ ਦੇ ਵਿਚ ਵੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮੇਨ ਕਿਰਦਾਰ ਅਦਾ ਕਰ ਰਹੀ ਹੈ ਇਹ ਅਦਾਕਾਰਾ, ਜਿੰਨ੍ਹਾਂ ਦੱਸਿਆ ਕਿ ਦਿਲਚਸਪ ਅਤੇ ਡ੍ਰਾਮੈਟਿਕ ਵਿਸ਼ੇ ਆਧਾਰਿਤ ਇਸ ਫਿਲਮ ਵਿਚ ਪੰਜਾਬੀ ਫਿਲਮਾਂ ਦੇ ਰੁਪਿੰਦਰ ਰੂਪੀ ਜਿਹੇ ਕਈ ਮੰਝੇ ਹੋਏ ਕਲਾਕਾਰਾਂ ਨਾਲ ਕਾਫ਼ੀ ਅਹਿਮ ਭੂਮਿਕਾ ਅਦਾ ਕਰਨ ਦਾ ਅਵਸਰ ਮਿਲਿਆ ਹੈ, ਜਿੰਨ੍ਹਾਂ ਨਾਲ ਕੰਮ ਕਰਦਿਆਂ ਕਾਫ਼ੀ ਕੁਝ ਸਿੱਖਣ, ਸਮਝਣ ਦਾ ਵੀ ਮੌਕਾ ਮਿਲਦਾ ਹੈ।
ਹਾਲ ਹੀ ਵਿਚ ਰਿਲੀਜ਼ ਹੋਈਆਂ ਕਈ ਪੰਜਾਬੀ ਫਿਲਮਾਂ ਵਿਚ ਵੀ ਆਪਣੇ ਅਦਾਕਾਰੀ ਹੁਨਰ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਇਸ ਅਦਾਕਾਰਾ ਦੀਆਂ ਅਹਿਮ ਪ੍ਰਾਪਤੀਆਂ ਵਿਚ ਬੀਤੇ ਦਿਨੀਂ ਕੀਤੀ ਇਕ ਅਨਾਮ ਅਤੇ ਔਨਰ ਕਿਲਿੰਗ ਵਿਸ਼ੇ 'ਤੇ ਬਣ ਰਹੀ ਹਾਲੀਵੁੱਡ ਫਿਲਮ ਵੀ ਸ਼ੁਮਾਰ ਰਹੀ ਹੈ, ਜਿਸ ਨੂੰ ਹਾਲੀਵੁੱਡ ਵਿਚ ਬਤੌਰ ਨਿਰਦੇਸ਼ਕ ਚੋਖਾ ਨਾਮਣਾ ਖੱਟ ਰਹੇ ਪੰਜਾਬੀ ਮੂਲ ਦੇ ਫਿਲਮਕਾਰ ਤਰਸੇਮ ਸਿੰਘ ਵੱਲੋਂ ਨਿਰਦੇਸ਼ਿਤ ਗਿਆ ਹੈ।