ਚੰਡੀਗੜ੍ਹ: ਛੋਟੇ ਪਰਦੇ ਤੋਂ ਬਾਅਦ ਪੰਜਾਬੀ ਸਿਨੇਮਾ ਖੇਤਰ ’ਚ ਵਿਲੱਖਣ ਵਜ਼ੂਦ ਅਤੇ ਮੁਕਾਮ ਹਾਸਿਲ ਕਰ ਚੁੱਕੀ ਬੇਹਤਰੀਨ ਅਦਾਕਾਰਾ ਸਰਗੁਣ ਮਹਿਤਾ ਹੁਣ ਬਤੌਰ ਟੈਲੀਵਿਜ਼ਨ ਸੀਰੀਅਲਜ਼ ਨਿਰਮਾਤਰੀ ਵੀ ਤੇਜੀ ਨਾਲ ਨਵੇਂ ਆਯਾਮ ਸਥਾਪਿਤ ਕਰਨ ਵੱਲ ਵੱਧ ਰਹੀ ਹੈ, ਜੋ ਅੱਜਕੱਲ੍ਹ ਇਕੋ ਸਮੇਂ ਵੱਖ ਵੱਖ ਸੋਅਜ਼ ਦਾ ਨਿਰਮਾਣ ਕਰਨ ਦਾ ਵੀ ਸਿਹਰਾ ਹਾਸਿਲ ਕਰ ਰਹੀ ਹੈ।
ਮੂਲ ਰੂਪ ਵਿੱਚ ਚੰਡੀਗੜ੍ਹ ਨਾਲ ਸੰਬੰਧਤ ਇਸ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ ਨੇ ਜਿੱਥੇ ਟੀ.ਵੀ ਲਈ ਬਣੇ ਬੇਸ਼ੁਮਾਰ ਸੋਅਜ਼ ‘ਕਰੋਲ ਬਾਗ਼’, ‘ਫੁਲਵਾ’, ‘ਬਾਲਿਕਾ ਵਧੂ’ ਆਦਿ ’ਚ ਆਪਣੀਆਂ ਬਾਕਮਾਲ ਅਭਿਨੈ ਸਮਰੱਥਾਵਾਂ ਦਾ ਲੋਹਾ ਬਾਖ਼ੂਬੀ ਮੰਨਵਾਇਆ ਹੈ, ਉਥੇ ਪੰਜਾਬੀ ਸਿਨੇਮਾ ਲਈ ਬਣੀਆਂ ‘ਅੰਗਰੇਜ਼’, ‘ਲਵ ਪੰਜਾਬ’, ‘ਝੱਲੇ’, ‘ਲਾਹੌਰੀਏ’, ‘ਕਿਸਮਤ’, ‘ਕਿਸਮਤ 2’, ‘ਕਾਲਾ ਸ਼ਾਹ ਕਾਲਾ’, ‘ਸੁਰਖ਼ੀ ਬਿੰਦੀ’, ‘ਸ਼ੌਂਕਣ ਸ਼ੌਂਕਣੇ’, ‘ਸਹੁਰਿਆਂ ਦਾ ਪਿੰਡ’, ‘ਮੋਹ’ ’ਚ ਵੀ ਨਿਵੇਕਲੀਆਂ ਅਭਿਨੈ ਪੈੜ੍ਹਾਂ ਸਿਰਜਣ ਦਾ ਮਾਣ ਹਾਸਿਲ ਕੀਤਾ ਹੈ। ਪੰਜਾਬ ਤੋਂ ਲੈ ਕੇ ਮੁੰਬਈ ਸਿਨੇਮਾ ਨਗਰੀ ਤੱਕ ਨਵੇਂ ਦਿੱਸਹਿੱਦੇ ਸਿਰਜ ਰਹੀ ਇਹ ਅਦਾਕਾਰਾ ਇੰਨ੍ਹੀਂ ਦਿਨ੍ਹੀਂ ਟੀ.ਵੀ ਨਿਰਮਾਤਾ ਦੇ ਤੌਰ 'ਤੇ ਕਈ ਵੱਡੇ ਅਤੇ ਸ਼ਾਨਦਾਰ ਪ੍ਰੋਜੈਕਟ ਟੀ.ਵੀ ਦਰਸ਼ਕਾਂ ਦੀ ਝੋਲੀ ਪਾ ਰਹੀ ਹੈ।
ਉਡਾਰੀਆਂ:ਨਿਰਮਾਤਰੀ ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੁਬੇ ਵੱਲੋਂ ‘ਡਰਾਮੀਯਾਤਾ ਇੰਟਰਟੇਨਮੈਂਟ’ ਅਤੇ ‘ਡਵੀਰੋਸ਼ ਫ਼ਿਲਮਜ਼’ ਵੱਲੋਂ ‘ਵਾਈਕਾਮ 18’ ਦੀ ਕਾਰਜਸ਼ੀਲਤਾ ਅਧੀਨ ਕਲਰਜ਼ ਚੈਨਲ ਲਈ ਬਣਾਏ ਗਏ ਇਸ ਸੀਰੀਅਲ ਦੀ ਕਹਾਣੀ ਪੰਜਾਬੀ ਬੈਕਡਰਾਪ ਆਧਾਰਿਤ ਹੈ, ਜਿਸ ਦੀ ਕਹਾਣੀ ਮਿਤਾਲੀ ਭੱਟਾਚਾਰੀਆ ਅਤੇ ਰੋਮਿਤ ਓਜਾ ਵੱਲੋਂ ਲਿਖੀ ਜਾ ਰਹੀ ਹੈ, ਜਦਕਿ ਡਾਇਲਾਗ ਲੇਖਣ ਰਾਜੇਸ਼ ਚਾਵਲਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਨਿਰਦੇਸ਼ਨ ਜਿੰਮੇਵਾਰੀ ਓਤਮ ਅਹਾਲਵਤ ਸੰਭਾਲ ਰਹੇ ਹਨ। ਪ੍ਰਿਅੰਕਾ ਚਾਹਰ, ਅੰਕਿਤ ਗੁਪਤਾ, ਇਸ਼ਾ ਮਾਲਵੀਯ, ਸੋਨਾਕਸ਼ੀ ਬੱਤਰਾ, ਹਿਤੇਸ਼ ਭਾਰਦਵਾਜ, ਰੋਹਿਤ ਪਰੋਹਿਤ, ਅਭਿਸ਼ੇਕ ਕੁਮਾਰ, ਟਿਵੰਕਲ ਅਰੋੜਾ, ਕਰਨ ਵੀ ਗਰੋਵਰ, ਰਸ਼ਮੀਤ ਸੇਠੀ, ਨੇਹਾ ਠਾਕੁਰ ਜਿਹੇ ਅਣਗਿਣਤ ਨਿਊਕਮਰ ਚਿਹਰਿਆਂ ਨੂੰ ਸਟਾਰਡਮ ਦੇਣ ਵਿਚ ਕਾਮਯਾਬ ਰਹੇ ਇਸ ਸੀਰੀਅਲ ਦੀ ਲੋਕਪ੍ਰਿਯਤਾ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਹੀ ਇਹ ਸੀਰੀਅਲ 600 ਦੇ ਕਰੀਬ ਐਪੀਸੋਡ ਤੱਕ ਦਾ ਮਾਣਮੱਤਾ ਅੰਕੜ੍ਹਾ ਪਾਰ ਕਰ ਗਿਆ ਹੈ। ਪੰਜਾਬ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੇ ਇਸ ਸੀਰੀਅਲ ਦੀ ਹੀ ਦੇਣ ਹਨ, ਦੋ ਚਰਚਿਤ ਚਿਹਰੇ ਪ੍ਰਿਅੰਕਾ ਚਾਹਰ ਅਤੇ ਅੰਕਿਤ ਗੁਪਤਾ, ਜੋ ਬਿੱਗ ਬੌਸ 16 ਤੱਕ ਪਹੁੰਚਣ ਅਤੇ ਉਥੇ ਟਾਪਮੋਸਟ ਕੰਟੈਸਟ ਵਜੋਂ ਆਪਣੀ ਮੌਜੂਦਗੀ ਦਰਜ ਕਰਵਾਉਣ ਵਿਚ ਸਫ਼ਲ ਰਹੇ ਹਨ।
ਸਵਰਨ ਘਰ:‘ਡਰਾਮੀਯਾਤਾ ਇੰਟਰਟੇਨਮੈਂਟ’ ਦੇ ਬੈਨਰ ਹੇਠ ਕਲਰਜ਼ ਲਈ ਬਣਾਏ ਜਾ ਚੁੱਕੇ ਅਤੇ ਹਾਲੀਆ ਦਿਨ੍ਹੀਂ ਆਨ ਏਅਰ ਰਹੇ ਇਸ ਸੀਰੀਅਲ ਦੀ ਕਹਾਣੀ ਪੰਜਾਬੀ ਪਰਿਵਾਰ ਕੰਵਲਜੀਤ ਅਤੇ ਸਵਰਨ ਬੇਦੀ ਆਧਾਰਿਤ ਰਹੀ, ਜੋ ਆਪਣੇ ਪਰਿਵਾਰ ਨੂੰ ਸਰਵੋਤਮ ਵਜ਼ੂਦ ਦੇਣ ਲਈ ਦਿਨ ਰਾਤ ਸੰਘਰਸ਼ਸ਼ੀਲ ਰਹਿੰਦੇ ਹਨ ਪਰ ਆਪਣੇ ਇੰਨ੍ਹਾਂ ਪਰਿਵਾਰਿਕ ਰਿਸ਼ਤਿਆਂ ਅਤੇ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਸਾਹਮਣੇ ਢੇਰ ਸਾਰੀਆਂ ਚੁਣੌਤੀਆਂ ਦਰਪੇਸ਼ ਆਉਂਦੀਆਂ ਹਨ, ਜਿੰਨ੍ਹਾਂ ਦਾ ਸਾਹਮਣਾ ਉਹ ਬਹੁਤ ਹੀ ਹੌਂਸਲੇ ਅਤੇ ਸੂਝ ਬੂਝ ਨਾਲ ਕਰਦੇ ਹਨ। ਸਾਲ 2022 ਦੇ ਮੁੱਢਲੇ ਮਹੀਨਿਆਂ ’ਚ ਆਨਏਅਰ ਹੋਏ ਅਤੇ ਰੋਨਿਤ ਰਾਏ, ਸੰਗੀਤਾ ਘੋਸ਼, ਸਸ਼ਾਵਤ ਤ੍ਰਿਪਾਠੀ, ਸੰਦੀਪ ਸ਼ਰਮਾ, ਰੋਹਿਤ ਚੋਧਰੀ, ਨਿਰਮਲ ਰਿਸ਼ੀ, ਪ੍ਰੀਤ ਰਾਜਪੂਤ, ਮਨੂ ਧੰਜ਼ਲ, ਸਿਮਰਨ ਜੈਨ ਸਟਾਰਰ ਇਸ ਸੀਰੀਅਲ ਨੂੰ ਵੀ ਅਥਾਹ ਦਰਸ਼ਕ ਸਾਥ ਮਿਲਿਆ ਹੈ।
ਜਨੂੰਨੀਅਤ: ਕਲਰਜ਼ 'ਤੇ ਆਨ ਏਅਰ ਇਸ ਸੀਰੀਅਲ ਨੂੰ ਇੰਨ੍ਹੀਂ ਦਿਨ੍ਹੀਂ ਦਰਸ਼ਕਾਂ ਖਾਸ ਕਰ ਨੌਜਵਾਨ ਪੀੜ੍ਹੀ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ’ਚ ਬਿੱਗ ਬੌਸ 16 ਦੇ ਦੋ ਚਰਚਿਤ ਚਿਹਰੇ ਅੰਕਿਤ ਗੁਪਤਾ ਅਤੇ ਗੋਤਮ ਵਿਜ਼ ਲੀਡ ਭੂਮਿਕਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਟੀ.ਵੀ ਅਤੇ ਸਿਨੇਮਾ ਖੇਤਰ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਇਸ ਵਿਚ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ। ਸੰਗੀਤਕ ਦੁਨੀਆਂ ਵਿਚ ਕੁਝ ਕਰ ਗੁਜ਼ਰਣ ਦੀ ਤਾਂਘ ਰੱਖਦੇ ਜਾਨੂੰਨੀ ਨੌਜਵਾਨਾਂ ਅਤੇ ਇਸ ਪਿੱਛੇ ਇਕ ਦੂਜੇ ਨੂੰ ਪਛਾੜਨ ਅਤੇ ਆਪਣਿਆਂ ਦੀ ਸਪੋਰਟ ਕਰਨ ਲਈ ਹੱਦ ਤੋਂ ਗੁਜ਼ਰ ਜਾਣ ਵਾਲੇ ਪਰਿਵਾਰਿਕ ਰਿਸ਼ਤਿਆਂ ਆਧਾਰਿਤ ਇਸ ਸੀਰੀਅਲ ਦਾ ਕਹਾਣੀਸਾਰ ਪੰਜਾਬੀ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ, ਜਿਸ ਦਾ ਸੰਗੀਤਕ ਪੱਖ ਵੀ ਬਹੁਤ ਬਕਮਾਲ ਅਤੇ ਉਮਦਾ ਰੱਖਿਆ ਜਾ ਰਿਹਾ ਹੈ। ‘ਡਰਾਮੀਯਾਤਾ ਇੰਟਰਟੇਨਮੈਂਟ’ ਦੇ ਬੈਨਰ ਹੇਠ ਹੀ ਨਿਰਮਾਤਰੀ ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਵੱਲੋਂ ਨਿਰਮਿਤ ਕੀਤੇ ਜਾ ਰਹੇ ਇਸ ਫਿਕਸ਼ਨ ਸੀਰੀਅਲ ਦਾ ਦਰਸ਼ਕ ਆਧਾਰ ਦਿਨ-ਬ-ਦਿਨ ਵਿਸ਼ਾਲ ਰੁਖ਼ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਪੰਜਾਬੀ ਫਿਲਮਾਂ ਦੀ ਉਚਕੋਟੀ ਸਿਤਾਰਿਆਂ ਵਿਚ ਆਪਣਾ ਸ਼ੁਮਾਰ ਕਰਵਾ ਰਹੀ ਇਹ ਪ੍ਰਤਿਭਾਸ਼ਾਲੀ ਅਤੇ ਦਿਲਕਸ਼ ਅਦਾਕਾਰਾ ਜਿਸ ਤਰ੍ਹਾਂ ਪੰਜਾਬੀ ਸਿਨੇਮਾ ਲਈ ਚੁਣਿੰਦਾ ਅਤੇ ਮਿਆਰੀ ਫਿਲਮਾਂ ਕਰਨੀਆਂ ਹਮੇਸ਼ਾਂ ਪਸੰਦ ਕਰਦੀ ਆ ਰਹੀ ਹੈ, ਉਸੇ ਤਰ੍ਹਾਂ ਟੀ.ਵੀ ਲਈ ਬਣਾਏ ਜਾ ਰਹੇ ਆਪਣੇ ਸੀਰੀਅਲਜ਼ ਦੁਆਰਾ ਕਹਾਣੀਸਾਰ ਨੂੰ ਵੀ ਪ੍ਰਭਾਵੀ ਅਤੇ ਪੰਜਾਬੀਅਤ ਪੁੱਟ ਦੇਣ ਵਿਚ ਉਲੇਖਯੋਗ ਯੋਗਦਾਨ ਪਾ ਰਹੀ ਹੈ, ਜਿਸ ਦੇ ਨਾਲ ਨਾਲ ਸ਼ੋਹਰਤ, ਮਾਣ ਨਾਲ ਨਿਵਾਜਣ ਵਾਲੀ ਆਪਣੀ ਕਰਮਭੂਮੀ ਪੰਜਾਬ ਨੂੰ ਵੱਡੀ ਟੀ.ਵੀ ਇੰਡਸਟਰੀ ਵਜੋਂ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸੇ ਮੱਦੇਨਜ਼ਰ ਉਨ੍ਹਾਂ ਵੱਲੋਂ ਖਰੜ੍ਹ ਪੰਜਾਬ ਵਿਖੇ ਜ਼ਮੀਨ ਲੈ ਕੇ ਆਪਣੇ ਸਟੂਡਿਓਜ਼ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ, ਜਿੱਥੋਂ ਅੱਜਕੱਲ ਉਨ੍ਹਾਂ ਵੱਲੋਂ ਨੈਸ਼ਨਲ ਟੀ.ਵੀ ਲਈ ਨਿਰਮਿਤ ਕੀਤੇ ਜਾ ਰਹੇ ਸੀਰੀਅਲਜ਼ ਦੇ ਨਿਰਮਾਣ ਕਾਰਜ ਬਹੁਤ ਹੀ ਤੇਜ਼ੀ ਨਾਲ ਅਤੇ ਵਿਸ਼ਾਲ ਪੱਧਰ 'ਤੇ ਸੰਪੂਰਨ ਕੀਤੇ ਜਾ ਰਹੇ ਹਨ। ਏਨ੍ਹਾਂ ਹੀ ਨਹੀਂ ਉਨ੍ਹਾਂ ਦੇ ਪ੍ਰੋਡੋਕਸ਼ਨ ਹਾਊਸਜ਼ ਵੱਲੋਂ ਆਪਣੇ ਪ੍ਰੋਜੈਕਟਾਂ ਵਿਚ ਪੰਜਾਬ, ਚੰਡੀਗੜ੍ਹ ਸੰਬੰਧਤ ਕਲਾਕਾਰਾਂ, ਤਕਨੀਸ਼ਨਾਂ ਨੂੰ ਤਰਜੀਹਤ ਦੇਣ ’ਚ ਵੀ ਖਾਸੀ ਪਹਿਲਕਦਮੀ ਕੀਤੀ ਜਾ ਰਹੀ ਹੈ, ਜੋ ਪੰਜਾਬੀ ਸਿਨੇਮਾ, ਟੀ.ਵੀ ਖਿੱਤੇ ਲਈ ਵੱਖ-ਵੱਖ ਕੰਮ ਕਰਨ ਵਾਲਿਆਂ ਲਈ ਸੋਨੇ 'ਤੇ ਸੁਹਾਗੇ ਵਾਂਗ ਸਾਬਿਤ ਹੋ ਰਿਹਾ ਹੈ।