ਚੰਡੀਗੜ੍ਹ:ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਜੁੜ੍ਹੇ ਬਹੁਤ ਸਾਰੇ ਕਲਾਕਾਰ ਥੀਏਟਰ ਤੋਂ ਆਪਣਾ ਅਭਿਨੈ ਸਫ਼ਰ ਸ਼ੁਰੂ ਕਰਕੇ ਸਿਲਵਰ ਸਕਰੀਨ ਦਾ ਹਿੱਸਾ ਬਣਦੇ ਆਮ ਵੇਖੇ ਗਏ ਹਨ, ਪਰ ਫਿਲਮਾਂ ਦਾ ਪ੍ਰਭਾਵੀ ਹਿੱਸਾ ਬਣ ਜਾਣ ਤੋਂ ਬਾਅਦ ਅਤੇ ਇਸ ਖੇਤਰ ’ਚ ਚੋਖਾ ਪਹਿਚਾਣ ਦਾਇਰਾ ਸਥਾਪਿਤ ਕਰਨ ਲੈਣ ਬਾਅਦ ਰੰਗਮੰਚ ਦਾ ਰੁਖ਼ ਕਰਦੇ ਚੁਣਿੰਦਾ ਚਿਹਰੇ ਹੀ ਨਜ਼ਰੀ ਪੈਂਦੇ ਆ ਰਹੇ ਹਨ।
ਪਰ ਇਸੇ ਖ਼ਲਾਅ ਭਰਪੂਰ ਸਿਲਸਿਲੇ ਨੂੰ ਹੁਣ ਨਵਾਂ ਅਧਿਆਏ ਅਤੇ ਨਵੀਆਂ ਸੰਭਾਵਨਾਂ ਦੇਣ ਜਾ ਰਹੀ ਹੈ ਖੂਬਸੂਰਤ ਅਤੇ ਪ੍ਰਤਿਭਾਵਾਨ ਪੰਜਾਬੀ ਅਦਾਕਾਰਾ ਸਾਨਵੀ ਧੀਮਾਨ, ਜੋ ਪਾਲੀਵੁੱਡ ਦਾ ਚਰਚਿਤ ਨਾਂਅ ਅਤੇ ਅਤਿ ਮਸ਼ਰੂਫ਼ ਹੋਣ ਦੇ ਬਾਵਜੂਦ ਹੁਣ ਨਾਟਕ ਖਿੱਤੇ ਵਿਚ ਵੀ ਆਪਣੀ ਸਫ਼ਲ ਮੌਜੂਦਗੀ ਦਾ ਪ੍ਰਗਟਾਵਾ ਕਰਵਾਉਣ ਵੱਲ ਵੱਧ ਚੁੱਕੀ ਹੈ, ਜਿੰਨ੍ਹਾਂ ਦੀ ਇਸ ਕੋਸ਼ਿਸ਼ ਦਾ ਪਹਿਲਾਂ ਪੜ੍ਹਾਅ ਬਣਿਆ ਹੈ, ਉਨ੍ਹਾਂ ਵੱਲੋਂ ਮੁੰਬਈ ਵਿਖੇ ਖੇਡਿਆ ਗਿਆ ਨਾਟਕ ‘ਮੋਂਟੇਜ’।
ਮੁੰਬਈ ਦੇ ਅਰਾਮ ਨਗਰ ਸਥਿਤ ਵੇਦਾ ਫੈਕਟਰੀ ਵਿਚ ਆਯੋਜਿਤ ਕੀਤੇ ਗਏ ਇਸ ਨਾਟਕ ਦਾ ਨਿਰਦੇਸ਼ਨ ਮਸ਼ਹੂਰ ਨਾਟਕਕਾਰ ਰਾਜ਼ੇਸ ਕੁਮਾਰ ਸਿੰਘ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੇ ਇਸ ਉਦਮ ਵਿਚ ਸਾਨਵੀ ਧੀਮਾਨ ਤੋਂ ਇਲਾਵਾ ਜੈਬੀ ਸਿੰਘ, ਅਰਪਿਤਾ ਡਾਡਿਚ, ਇਸ਼ਾਨ ਗਿਲਾਨੀ, ਅਖ਼ਿਲ, ਦੇਵ ਕੁਮਾਰ, ਮ੍ਰੀਨਾਲ ਵਸ਼ਿਸ਼ਟ ਆਦਿ ਮੰਝੇ ਹੋੲੈ ਰੰਗਕਰਮੀ ਚਿਹਰਿਆਂ ਨੇ ਵੀ ਹਿੱਸਾ ਲਿਆ।
ਪੰਜਾਬੀ ਫਿਲਮ ਇੰਡਸਟਰੀ ਤੋਂ ਬਾਅਦ ਮਾਇਆਨਗਰੀ ਮੁੰਬਈ ਵਿਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਚੁੱਕੀ ਅਦਾਕਾਰਾ ਸਾਨਵੀ ਧੀਮਾਨ ਆਪਣੇ ਇਸ ਪਹਿਲੇ ਨਾਟਕ ਉਦਮ ਨੂੰ ਮਿਲੇ ਭਰਪੂਰ ਦਰਸ਼ਕ ਹੁੰਗਾਰੇ ਤੋਂ ਕਾਫ਼ੀ ਖ਼ੁਸ਼ ਨਜ਼ਰ ਆ ਰਹੀ ਹੈ।
ਜਿਨ੍ਹਾਂ ਅਨੁਸਾਰ ਫਿਲਮਾਂ ਹਰ ਕਲਾਕਾਰ ਦੇ ਕਰੀਅਰ ਨੂੰ ਆਣ, ਬਾਣ, ਸ਼ਾਨ ਵੱਲ ਵਧਾਉਣ ਅਤੇ ਆਰਥਿਕ ਮਜ਼ਬੂਤੀ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਇਕ ਕਲਾਕਾਰ ਵਜੋਂ ਜੇ ਅਦਾਕਾਰੀ ਦੀ ਸੰਤੁਸ਼ਟੀ ਦੀ ਗੱਲ ਕਰੀਏ ਤਾਂ ਉਹ ਰੰਗਮੰਚ ਹੀ ਦੇ ਸਕਦਾ ਹੈ, ਕਿਉਂਕਿ ਇੱਥੇ ਹਰ ਅਦਾਕਾਰ ਨੂੰ ਦਰਸ਼ਕਾਂ ਸਾਹਮਣੇ ਪ੍ਰਤੱਖ ਰੂਪ ਵਿਚ ਆਪਣੀਆਂ ਅਭਿਨੈ ਕਲਾਵਾਂ ਦੇ ਰੰਗ ਵਿਖਾਉਣ ਅਤੇ ਉਨ੍ਹਾਂ ਦਾ ਮੌਕੇ 'ਤੇ ਹੀ ਹੁੰਗਾਰਾ ਜਾਣਨ ਦਾ ਅਵਸਰ ਮਿਲਦੀਆਂ ਤਾੜ੍ਹੀਆਂ ਦੀ ਗੜਗੜ੍ਹਾਹਟ ਤੋਂ ਮਿਲ ਜਾਂਦਾ ਹੈ, ਜਿਸ ਨਾਲ ਜੋ ਖੁਸ਼ੀ ਅਤੇ ਮਾਨਸਿਕ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਅੱਗੇ ਵੀ ਫਿਲਮਾਂ ਦੇ ਨਾਲ ਨਾਲ ਥੀਏਟਰ ਨਾਲ ਮੁੜ ਜੁੜ੍ਹੀ ਉਨ੍ਹਾਂ ਦੀ ਇਹ ਸਾਂਝ ਹੁਣ ਬਾਦਸਤੂਰ ਜਾਰੀ ਰਹੇਗੀ ਅਤੇ ਉਹ ਹਮੇਸ਼ਾ ਚੰਗੇ ਅਤੇ ਸਾਰਥਿਕ ਨਾਟਕਾਂ ਦਾ ਹਿੱਸਾ ਬਣਦੀ ਰਹੇਗੀ। ਪੰਜਾਬੀ ਸਿਨੇਮਾ ਲਈ ਬਣੀਆਂ ‘ਰਾਂਝਾ ਰਿਫ਼ਊਜ਼ੀ’, ‘ਰੁਪਿੰਦਰ ਗਾਂਧੀ 2’, ‘ਡਾਕੂਆਂ ਦਾ ਮੁੰਡਾ’, ‘ਨਿਸ਼ਾਨਾ’ ਆਦਿ ਜਿਹੀਆਂ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੀ ਸਾਨਵੀ ਧੀਮਾਨ ਆਉਣ ਵਾਲੇ ਦਿਨ੍ਹਾਂ ਵਿਚ ਵੀ ਰਿਲੀਜ਼ ਹੋਣ ਜਾ ਰਹੀਆਂ ਕਈ ਅਹਿਮ ਫਿਲਮਾਂ ਵਿਚ ਲੀਡ ਅਦਾਕਾਰਾ ਵਜੋਂ ਨਜ਼ਰ ਆਵੇਗੀ।
ਇਹ ਵੀ ਪੜ੍ਹੋ:KKBKKJ Reviews: ਸਲਮਾਨ ਦਾ ਐਕਸ਼ਨ-ਰੁਮਾਂਸ ਦੇਖ ਸਿਨੇਮਾ 'ਚ ਵੱਜੀਆਂ ਖੂਬ ਸੀਟੀਆਂ, ਵੀਡੀਓ