ਚੰਡੀਗੜ੍ਹ: ਪਾਲੀਵੁੱਡ ਦੇ ਬਹੁਤ ਥੋੜ ਚਿਰ ਕਰੀਅਰ ਦੌਰਾਨ ਹੀ ਸ਼ਾਨਦਾਰ ਮੁਕਾਮ ਹਾਸਿਲ ਕਰ ਲੈਣ ਵਿਚ ਸਫ਼ਲ ਰਹੇ ਨਵੇਂ ਚਿਹਰਿਆਂ ਵਿਚੋਂ ਇੱਕ ਹੈ ਅਦਾਕਾਰਾ ਪੂਨਮ ਸੋਹਲ, ਜੋ ਪੰਜਾਬੀ ਸਿਨੇਮਾ ਜਗਤ ਵਿਚ ਬਹੁਤ ਤੇਜ਼ੀ ਨਾਲ ਨਵੇਂ ਆਯਾਮ ਸਿਰਜਣ ਵੱਲ ਵੱਧ ਰਹੀ ਹੈ।
ਹਾਲ ਹੀ ਵਿਚ ਰਿਲੀਜ਼ ਹੋਈਆਂ ਕਈ ਵੱਡੀਆਂ, ਚਰਚਿਤ ਅਤੇ ਮਲਟੀ-ਸਟਾਰਰ ਪੰਜਾਬੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੀ ਇਹ ਹੋਣਹਾਰ ਅਦਾਕਾਰਾ ਇੰਨ੍ਹੀਂ ਦਿਨ੍ਹੀਂ ਆਨ ਫ਼ਲੌਰ ਕਈ ਪੰਜਾਬੀ ਫਿਲਮਾਂ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੀ ਹੈ, ਜਿੰਨ੍ਹਾਂ ਵਿਚ ਲੇਖਕ-ਨਿਰਦੇਸ਼ਕ ਇੰਦਰਪਾਲ ਸਿੰਘ ਦੀ ਗੈਵੀ ਚਾਹਲ ਸਟਾਰਰ ‘ਸੰਗਰਾਂਦ’ ਤੋਂ ਇਲਾਵਾ ਕਈ ਹੋਰ ਪ੍ਰੋਜੈਕਟ ਸ਼ਾਮਿਲ ਹਨ।
ਮੂਲ ਰੂਪ ਵਿਚ ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਨਾਲ ਸੰਬੰਧਤ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਦੱਸਿਆ ਕਿ ਆਪਣੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਦੌਰਾਨ ਉਸ ਨੇ ਚੁਣਿੰਦਾ ਅਤੇ ਅਜਿਹੀਆਂ ਮਿਆਰੀ ਫਿਲਮਾਂ ਕਰਨ ਨੂੰ ਤਰਜੀਹ ਦਿੱਤੀ ਹੈ, ਜਿਸ ਵਿਚ ਉਸ ਦੀ ਅਦਾਕਾਰੀ ਦੇ ਵੱਖੋਂ ਵੱਖਰੇ ਸ਼ੇਡਜ਼ ਦਰਸ਼ਕਾਂ ਸਾਹਮਣੇ ਆ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਹਾਲੀਆਂ ਫਿਲਮਾਂ ਵਿਚੋਂ ਚਾਹੇ ਉਹ ਦੇਵ ਖਰੌੜ ਨਾਲ 'ਜਖ਼ਮੀ' ਹੋਵੇ, ਆਰਿਆ ਬੱਬਰ ਸਟਾਰਰ ‘ਗਾਂਧੀ ਫਿਰ ਆ ਗਿਆ’ ਜਾਂ ਫਿਰ ‘ਤੂੰ ਮੇਰਾ ਕੀ ਲੱਗਦਾ’, ਰਾਜ ਬੱਬਰ-ਪੂਨਮ ਢਿੱਲੋਂ ਨਾਲ 'ਉਮਰਾਂ ’ਚ ਕੀ ਰੱਖਿਆ' ਆਦਿ, ਹਰ ਇਕ ਵਿਚ ਉਸ ਵੱਲੋਂ ਨਿਭਾਏ ਕਿਰਦਾਰਾਂ ਨੂੰ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਪੰਜਾਬੀ ਫਿਲਮਾਂ ਤੋਂ ਇਲਾਵਾ ਮਿਊਜ਼ਿਕ ਵੀਡੀਓ ਅਤੇ ਵੈੱਬ-ਸੀਰੀਜ਼ ਦੇ ਖੇਤਰ ਵਿਚ ਵੀ ਚੋਖ਼ਾ ਨਾਮਣਾ ਖੱਟ ਚੁੱਕੀ ਇਸ ਅਦਾਕਾਰਾ ਵੱਲੋਂ ਰੇਸ਼ਮ ਅਨਮੋਲ ਦੇ ਵੀਡੀਓ ‘ਮੇਰੀ ਮਾਂ’ ਅਤੇ ਵੈੱਬ-ਸੀਰੀਜ਼ 'ਦਾਈ' ਵਿਚਲੀਆਂ ਲੀਡ ਭੂਮਿਕਾਵਾਂ ਨੂੰ ਵੀ ਭਰਵੀਂ ਸਲਾਹੁਤਾ ਮਿਲ ਚੁੱਕੀ ਹੈ। ਪੰਜਾਬੀ ਮੰਨੋਰੰਜਨ ਅਤੇ ਫਿਲਮ ਉਦਯੋਗ ਵਿਚ ਵਿਲੱਖਣ ਪਹਿਚਾਣ ਬਣਾਉਣ ਵੱਲ ਵੱਧ ਰਹੀ ਇਸ ਬਾਕਮਾਲ ਅਦਾਕਾਰਾ ਨੇ ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਫਿਲਮ ਖੇਤਰ ਵਿਚ ਉਸ ਦੀ ਤਾਂਘ ਵਰਸਟਾਈਲਜ਼ ਐਕਟ੍ਰੈਸ ਵਜੋਂ ਆਪਣੀ ਪਹਿਚਾਣ ਕਾਇਮ ਕਰਨ ਦੀ ਹੈ, ਜਿਸ ਦੇ ਮੱਦੇਨਜ਼ਰ ਉਹ ਚੁਣਿੰਦਾ ਪਰ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਨ ਨੂੰ ਪਹਿਲ ਦੇ ਰਹੀ ਹੈ।
ਪੰਜਾਬ ਅਤੇ ਪੰਜਾਬੀਅਤ ਨਾਲ ਅੋਤਪੋਤ ਫਿਲਮਾਂ ਕਰਨ ਦੀ ਖ਼ਵਾਹਿਸ਼ ਰੱਖਦੀ ਇਸ ਅਦਾਕਾਰਾ ਨੇ ਦੱਸਿਆ ਕਿ ਬਾਇਓਪਿਕ ਅਤੇ ਪੀਰੀਅਡ ਫਿਲਮਾਂ ਕਰਨਾ ਵੀ ਆਉਣ ਵਾਲੇ ਦਿਨ੍ਹਾਂ ਵਿਚ ਉਸ ਦੀ ਵਿਸ਼ੇਸ਼ ਤਰਜ਼ੀਹ ਵਿਚ ਸ਼ਾਮਿਲ ਰਹੇਗਾ। ਪੰਜਾਬੀ ਤੋਂ ਇਲਾਵਾ ਹਿੰਦੀ ਸਿਨੇਮਾ ਵਿਚ ਵੀ ਕੁਝ ਨਿਵੇਕਲਾਂ ਕਰ ਗੁਜ਼ਰਨ ਲਈ ਯਤਨਸ਼ੀਲ ਹੋ ਚੁੱਕੀ ਇਸ ਅਦਾਕਾਰਾ ਨੇ ਦੱਸਿਆ ਕਿ ਬਾਲੀਵੁੱਡ ਦੇ ਕੁਝ ਪ੍ਰੋਜੈਕਟਸ਼ ਅਤੇ ਐਡ ਫਿਲਮਜ਼ ਵੀ ਪਾਈਪਲਾਈਨ ਵਿਚ ਹਨ, ਜਿੰਨ੍ਹਾਂ ਦੁਆਰਾ ਉਹ ਬਹੁਭਾਸ਼ਾਈ ਸਿਨੇਮਾ ਵਿਚ ਵੀ ਆਪਣੀ ਪਹਿਚਾਣ ਅਤੇ ਦਰਸ਼ਕ ਦਾਇਰਾ ਹੋਰ ਵਿਸ਼ਾਲ ਕਰਨ ਲਈ ਯਤਨਸ਼ੀਲ ਰਹੇਗੀ।