ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਚੋਖ਼ਾ ਨਾਮਣਾ ਖੱਟ ਚੁੱਕੀ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਓਸ਼ਿਨ ਬਰਾੜ (Oshin Brar Upcoming Film) ਇਕ ਹੋਰ ਸ਼ਾਨਦਾਰ ਸਿਨੇਮਾ ਪਾਰੀ ਵੱਲ ਵਧਣ ਜਾ ਰਹੀ ਹੈ, ਜੋ ਰਿਲੀਜ਼ ਹੋਣ ਵਾਲੀਆਂ ਕਈ ਆਉਣ ਵਾਲੀਆਂ ਫਿਲਮਾਂ ਵਿਚ ਪ੍ਰਮੁੱਖ ਅਤੇ ਲੀਡ ਭੂਮਿਕਾਵਾਂ ਵਿਚ ਨਜ਼ਰ ਆਵੇਗੀ।
ਮੂਲ ਰੂਪ ਵਿਚ ਪੰਜਾਬ ਦੇ ਮੋਹਾਲੀ ਨਾਲ ਸੰਬੰਧਤ ਇਸ ਹੋਣਹਾਰ ਅਦਾਕਾਰਾ ਵੱਲੋਂ ਆਪਣੇ ਫਿਲਮ ਕਰੀਅਰ ਦਾ ਆਗਾਜ਼ ਦਿਲਜੀਤ ਦੁਸਾਂਝ ਸਟਾਰਰ 'ਮੁਖਤਿਆਰ ਚੱਢਾ' ਨਾਲ ਕੀਤਾ ਗਿਆ ਸੀ, ਜਿਸ ਵਿਚ ਉਸ ਵੱਲੋਂ ਨਿਭਾਈ ਭੂਮਿਕਾ ਨੂੰ ਕਾਫ਼ੀ ਸਲਾਹੁਤਾ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਤੱਕ ਦੇ ਫਿਲਮ ਕਰੀਅਰ ਦੌਰਾਨ ਉਸ ਦੁਆਰਾ ਕੀਤੀਆਂ 'ਸਾਕਾ', 'ਸ਼ਰੀਕ' ਜਿਹੀਆਂ ਕਈ ਬਹੁ-ਚਰਚਿਤ ਫਿਲਮਾਂ ਵੀ ਉਸ ਦੀ ਨਾਯਾਬ ਅਦਾਕਾਰੀ ਦਾ ਪ੍ਰਭਾਵੀ ਰੂਪ ਵਿਚ ਲੋਹਾ ਮੰਨਵਾਉਣ ਵਿਚ ਸਫ਼ਲ ਰਹੀਆਂ ਹਨ।
ਪੰਜਾਬੀ ਸੰਗੀਤਕ ਖੇਤਰ ਵਿਚ ਆਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਕਈ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਰਹੀ ਹੈ ਇਹ ਦਿਲਕਸ਼ ਅਦਾਕਾਰਾ, ਜਿਸ ਵੱਲੋਂ ਤਰਸੇਮ ਜੱਸੜ, ਇੰਦਰ ਚਾਹਲ ਆਦਿ ਜਿਹੇ ਮੰਨੇ ਪ੍ਰਮੰਨੇ ਗਾਇਕਾਂ ਦੇ ਸੰਗੀਤਕ ਵੀਡੀਓਜ਼ ਵਿਚ ਫ਼ੀਚਰਿੰਗ ਕੀਤੀ ਜਾ ਚੁੱਕੀ ਹੈ। ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀਆਂ ਬਹੁਆਯਾਮੀ ਕਲਾਵਾਂ ਦਾ ਪ੍ਰਗਟਾਵਾ ਕਰ ਚੁੱਕੀ ਇਹ ਅਦਾਕਾਰਾ ਪਿਛਲੇ ਕਾਫ਼ੀ ਸਮੇਂ ਤੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿਚ ਆਪਣੀ ਕਲਾ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੀ ਹੈ, ਜਿੱਥੇ ਸ਼ੂਟ ਹੋ ਚੁੱਕੇ ਕਈ ਹਾਲੀਆਂ ਅਤੇ ਵੱਡੇ ਸੰਗੀਤਕ ਵੀਡੀਓਜ਼ ਵਿਚ ਪ੍ਰਭ ਗਿੱਲ ਦਾ ‘ਸ਼ੁਕਰਗੁਜ਼ਾਰ’, ਬੰਟੀ ਬੈਂਸ ਦੇ ਪ੍ਰੋਜੈਕਟ ‘ਜੱਟੀ ਤੇਰੀ ਟੌਮ ਵਰਗੀ’, ਸੈਵੀ ਨਾਗਰਾ ਅਤੇ ਗੁਰਲੇਜ਼ ਅਖ਼ਤਰ ਦਾ ‘ਫੁੱਲਝੜੀ’, ਪਲਵਿੰਦਰ ਥੋਰਾ ਦਾ ‘ਕੰਗਨਾ’, ਹੈਪੀ ਰਾਏਕੋਟੀ ਦਾ ‘ਮੈਂ ਜਾਂ ਮਾਂ’ ਆਦਿ ਸ਼ਾਮਿਲ ਹਨ, ਇਸ ਵਿਚ ਵੀ ਉਸ ਵੱਲੋਂ ਬਤੌਰ ਮਾਡਲ ਲੀਡ ਭੂਮਿਕਾਵਾਂ ਨਿਭਾਈਆਂ ਜਾ ਚੁੱਕੀਆਂ ਹਨ।