ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ 1991 ਤੋਂ ਲੈ ਕੇ 1997 ਦੇ ਦੌਰ ਦਾ ਸ਼ਾਨਦਾਰ ਹਿੱਸਾ ਰਹੀ ਅਜ਼ੀਮ ਅਦਾਕਾਰਾ ਨੀਨਾ ਬੁਢੇਲ ਹੁਣ ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੀ ਹੈ, ਜੋ ਆਉਣ ਵਾਲੀਆਂ ਕਈ ਪੰਜਾਬੀ ਫਿਲਮਾਂ ਵਿੱਚ ਪ੍ਰਮੁੱਖ ਭੂਮਿਕਾਵਾਂ ਵਿਚ ਨਜ਼ਰ ਆਵੇਗੀ।
ਪਾਲੀਵੁੱਡ ਦੇ ਸੁਪਰ ਸਟਾਰ ਅਤੇ ਦਿੱਗਜ ਐਕਟਰ ਵਜੋਂ ਜਾਣੇ ਜਾਂਦੇ ਯੋਗਰਾਜ ਸਿੰਘ-ਗੁੱਗੂ ਗਿੱਲ ਸਟਾਰਰ ਪੰਜਾਬੀ ਫਿਲਮਾਂ ਦੇ ਪ੍ਰਭਾਵਸ਼ਾਲੀ ਅਧਿਆਏ ਦੌਰਾਨ ਆਪਣੇ ਕਰੀਅਰ ਦੀ ਪੀਕ 'ਤੇ ਰਹੀ ਇਹ ਉਮਦਾ ਅਦਾਕਾਰਾ ਉੱਚਕੋਟੀ ਪੰਜਾਬੀ ਸਿਨੇਮਾ ਅਦਾਕਾਰਾ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿਚ ਕਾਮਯਾਬ ਰਹੀ ਹੈ, ਜੋ ਬੇਸ਼ੁਮਾਰ ਫਿਲਮਾਂ ਵਿਚ ਆਪਣੀ ਬੇਹਤਰੀਨ ਪ੍ਰੋਫੋਰਮੈੱਸ ਦਾ ਲੋਹਾ ਮੰਨਵਾ ਚੁੱਕੀ ਹੈ, ਜਿਸ ਦਾ ਇਜ਼ਹਾਰ ਉਨਾਂ ਦੀਆਂ ਇੱਕ ਨਹੀਂ ਬਲਕਿ ਕਈ ਫਿਲਮਾਂ ਕਰਵਾਉਣ ਵਿੱਚ ਸਫ਼ਲ ਰਹੀਆਂ ਹਨ, ਜਿੰਨ੍ਹਾਂ ਵਿੱਚ ‘ਲਲਕਾਰੇ ਸ਼ੇਰਾਂ ਦੇ’, ‘ਦੂਰ ਨਹੀਂ ਨਨਕਾਣਾ’, ‘ਜਖ਼ਮੀ ਜਗੀਰਦਾਰ’, ‘ਜੋਰਾ ਜੱਟ’, ‘ਜਿਗਰਾ ਜੱਟ ਦਾ’, ‘ਵਸੀਅਤ’, ‘ਵਿਛੋੜਾ’, ‘ਥਾਨਾ ਸ਼ਗਨਾਂ ਦਾ’, ‘ਅਣਖ਼ ਜੱਟਾਂ ਦੀ’, ‘ਜੱਟ ਜਿਓਣਾ ਮੋੜ’ ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਸ਼ੁਮਾਰ ਰਹੀਆਂ ਹਨ।
ਪਰਿਵਾਰਿਕ ਜਿੰਮੇਵਾਰੀਆਂ ਦੇ ਮੱਦੇਨਜ਼ਰ ਲੰਮਾ ਸਮਾਂ ਸਿਲਵਰ ਸਕਰੀਨ ਤੋਂ ਦੂਰ ਰਹੀ ਇਹ ਅਦਾਕਾਰਾ ਹੌਲੀ-ਹੌਲੀ ਫਿਰ ਆਪਣੀ ਕਰਮਭੂਮੀ ਵਿੱਚ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ, ਜਿਸ ਵੱਲੋਂ ਹਾਲ ਹੀ ਵਿਚ ਕੀਤੀ ਪੰਜਾਬੀ ਫਿਲਮ 'ਸਾਡੀ ਮਰਜ਼ੀ' ਵਿੱਚ ਉਨਾਂ ਦੀ ਅਤੇ ਯੋਗਰਾਜ ਸਿੰਘ ਦੀ ਜੋੜੀ ਨੂੰ ਇੱਕ ਵਾਰ ਫਿਰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ। ਇਸ ਫਿਲਮ ਵਿਚਲੀ ਹਰਿਆਣਵੀ ਮਹਿਲਾ ਦੀ ਭੂਮਿਕਾ ਨੂੰ ਲੈ ਕੇ ਖਾਸੀ ਸਲਾਹੁਤਾ ਹਾਸਿਲ ਕਰਨ ਵਾਲੀ ਇਹ ਬਾਕਮਾਲ ਅਦਾਕਾਰਾ ਇੰਨ੍ਹੀਂ ਦਿਨੀਂ ਆਨ ਫ਼ਲੌਰ ਪੰਜਾਬੀ ਫਿਲਮ ‘ਪੰਜਾਬ ਫ਼ਾਈਲਜ਼’ ਨੂੰ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਹੁਣ ਤੱਕ ਦੇ ਫਿਲਮੀ ਸਫ਼ਰ ਦੌਰਾਨ ਕਈ ਉਤਰਾਅ ਚੜ੍ਹਾਅ ਦਾ ਸਾਹਮਣਾ ਕਰ ਚੁੱਕੀ ਅਦਾਕਾਰਾ ਨੀਨਾ ਆਪਣੇ ਇਸ ਇਕ ਹੋਰ ਨਵੇਂ ਫ਼ਿਲਮੀ ਸਫ਼ਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਇਸੇ ਜੋਸ਼-ਖਰੋਸ਼ ਭਰੇ ਮਨੋਭਾਵਾਂ ਦਾ ਉਨਾਂ ਆਪਣੀ ਉਕਤ ਨਵੀਂ ਫਿਲਮ ਦੇ ਸੈੱਟ 'ਤੇ ਖੁੱਲ ਕੇ ਪ੍ਰਗਟਾਵਾ ਕੀਤਾ, ਜਿਸ ਦੌਰਾਨ ਉਨਾਂ ਕਿਹਾ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਪਰਿਵਾਰਿਕ ਰੁਝੇਵਿਆਂ ਦੇ ਚਲਦਿਆਂ ਸਿਨੇਮਾ ਨਾਲ ਬਰਾਬਰਤਾ ਬਣਾਈ ਰੱਖਣਾ ਕਈ ਸਾਲਾਂ ਤੱਕ ਸੰਭਵ ਨਹੀਂ ਹੋ ਸਕਿਆ। ਪਰ ਇਸ ਦੇ ਬਾਵਜੂਦ ਪ੍ਰਮੁੱਖ ਫ਼ਿਲਮੀ ਪਰਿਵਾਰਾਂ ਦਾ ਹਿੱਸਾ ਹੋਣ ਕਾਰਨ ਇਸ ਖੇਤਰ ਨਾਲ ਵਾ-ਵਾਸਤਾ ਲਗਾਤਾਰ ਬਣਿਆ ਰਿਹਾ ਹੈ।
ਪਾਲੀਵੁੱਡ ਵਿਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਵੱਲ ਵਧ ਚੁੱਕੇ ਆਪਣੇ ਹੋਣਹਾਰ ਬੇਟੇ ਵਿਕਟਰ ਯੋਗਰਾਜ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਪੰਜਾਬੀ ਫਿਲਮ ‘ਪੰਜਾਬ ਫ਼ਾਈਲਜ਼’ ਦੇ ਕ੍ਰਿਏਟਿਵ ਪੱਖਾਂ ਨੂੰ ਕੁਸ਼ਲਤਾਪੂਰਵਕ ਸੰਭਾਲ ਰਹੀ ਅਦਾਕਾਰਾ ਨੀਨਾ ਅਨੁਸਾਰ ਉਨਾਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਕਟਰ ਹੁਣ ਨਿਰਦੇਸ਼ਕ ਦੇ ਤੌਰ 'ਤੇ ਪੜਾਅ ਦਰ ਪੜ੍ਹਾਅ ਉਨਾਂ ਦੇ ਅਤੇ ਆਪਣੇ ਪਿਤਾ ਯੋਗਰਾਜ ਸਿੰਘ ਨਾਂਅ ਨੂੰ ਹੋਰ ਚਾਰ ਚੰਨ ਲਾਉਣ ਦਾ ਰਾਹ ਬਹੁਤ ਤੇਜ਼ੀ ਨਾਲ ਸਰ ਕਰ ਰਿਹਾ ਹੈ, ਜਿਸ ਦੁਆਰਾ ਫ਼ਿਲਮਕਾਰ ਦੇ ਰੂਪ ਵਿਚ ਬਣਾਈ ਜਾ ਰਹੀ ਇਹ ਫਿਲਮ ਉਸ ਦੇ ਕਰੀਅਰ ਲਈ ਇਕ ਸ਼ਾਨਦਾਰ ਟਰਨਿੰਗ ਪੁਆਇੰਟ ਸਾਬਿਤ ਹੋਵੇਗੀ।