ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਅਦਾਕਾਰ ਦੇ ਤੌਰ 'ਤੇ ਆਪਣੀ ਸ਼ੁਰੂਆਤ ਕਰਨ ਵਾਲਾ ਪ੍ਰਤਿਭਾਸ਼ਾਲੀ ਨੌਜਵਾਨ ਵਿਕਟਰ ਯੋਗਰਾਜ ਸਿੰਘ ਹੁਣ ਬਤੌਰ ਨਿਰਦੇਸ਼ਕ ਇੱਕ ਨਵੇਂ ਸਿਨੇਮਾ ਅਧਿਆਏ ਵੱਲ ਵਧਣ ਜਾ ਰਿਹਾ ਹੈ, ਜੋ ਆਉਣ ਵਾਲੀ ਫਿਲਮ 'ਪੰਜਾਬ ਫਾਈਲਜ਼' ਨਾਲ ਆਪਣੀਆਂ ਡਾਇਰੈਕਟਰੀਅਲ ਪੈੜ੍ਹਾਂ ਨੂੰ ਮਜ਼ਬੂਤੀ ਦੇਵੇਗਾ।
ਪਾਲੀਵੁੱਡ ਦੇ ਦਿੱਗਜ ਐਕਟਰ ਯੋਗਰਾਜ ਸਿੰਘ ਅਤੇ ਮਸ਼ਹੂਰ ਅਦਾਕਾਰਾ ਨੀਨਾ ਬੰਡੇਲ ਦੇ ਇਸ ਹੋਣਹਾਰ ਬੇਟੇ ਵੱਲੋਂ ਆਪਣੇ ਫਿਲਮੀ ਸਫਰ ਦਾ ਆਗਾਜ਼ ਸਾਲ 2019 ਵਿੱਚ ਆਈ ਸਿੱਧੂ ਮੂਸੇਵਾਲਾ ਸਟਾਰਰ ਪੰਜਾਬੀ ਫਿਲਮ 'ਤੇਰੀ ਮੇਰੀ ਜੋੜੀ' ਨਾਲ ਕੀਤਾ ਗਿਆ ਸੀ, ਜਿਸ ਵਿੱਚ ਉਸਨੇ ਸਪੋਰਟਿੰਗ ਐਕਟਰ ਦੇ ਤੌਰ 'ਤੇ ਕਾਫੀ ਅਹਿਮ ਭੂਮਿਕਾ ਨਿਭਾਈ ਸੀ।
ਇਸ ਉਪਰੰਤ ਉਸ ਵੱਲੋਂ ਗਾਇਕ ਰਣਬੀਰ ਸਿੰਘ ਦੇ ਮਿਊਜ਼ਿਕ ਵੀਡੀਓਜ਼ 'ਟਰਿਊ ਯਾਰ', 'ਬਿੱਲੀ ਬਿੱਲੀ ਅੱਖ' ਦੇ ਨਿਰਦੇਸ਼ਨ ਤੋਂ ਇਲਾਵਾ ਲਘੂ ਫਿਲਮ 'ਡਾਰਕ ਥਾਊਟਸ' ਦੇ ਨਿਰਦੇਸ਼ਨ ਨੂੰ ਵੀ ਅੰਜ਼ਾਮ ਦਿੱਤਾ ਜਾ ਚੁੱਕਾ ਹੈ।
ਪਾਲੀਵੁੱਡ ਦੇ ਨਾਮਵਰ ਫਿਲਮੀ ਪਰਿਵਾਰ ਨਾਲ ਤਾਲੁਕ ਰੱਖਦੇ ਇਸ ਅਦਾਕਾਰ-ਨਿਰਦੇਸ਼ਕ ਨੇ ਆਪਣੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਡਾਇਰੈਕਸ਼ਨ ਦਾ ਸ਼ੌਂਕ ਕਾਲਜੀ ਸਮੇਂ ਤੋਂ ਹੀ ਸੀ, ਪਰ ਪਿਤਾ, ਮੰਮੀ ਨੀਨਾ ਬੰਡੇਲ ਅਤੇ ਮਾਸੀ ਮਨੀ ਬੋਪਾਰਾਏ ਜੀ ਨੂੰ ਐਕਟਿੰਗ ਕਰਦਿਆਂ ਵੇਖ ਅਦਾਕਾਰੀ ਵਾਲੇ ਪਾਸੇ ਵੀ ਰੁਝਾਨ ਵਧਿਆ, ਜਿਸ ਦੇ ਮੱਦੇਨਜ਼ਰ ਉਕਤ ਫਿਲਮ ਉਸਨੇ ਐਕਟਰ ਦੇ ਤੌਰ 'ਤੇ ਕੀਤੀ, ਜਿਸ ਵਿਚ ਪਾਪਾ ਦੇ ਨਾਲ-ਨਾਲ ਮੰਨੇ-ਪ੍ਰਮੰਨੇ ਐਕਟਰਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿੰਨ੍ਹਾਂ ਪਾਸੋਂ ਕਾਫੀ ਕੁਝ ਸਿੱਖਣ ਸਮਝਣ ਦਾ ਅਵਸਰ ਮਿਲਿਆ।
ਡਾਂਸ, ਭੰਗੜ੍ਹਾ ਅਤੇ ਹੋਰ ਸਾਰੀਆਂ ਫਿਲਮੀ ਕਲਾਵਾਂ ਵਿੱਚ ਮੁਹਾਰਤ ਰੱਖਣ ਵਾਲਾ ਇਹ ਨੌਜਵਾਨ ਜਿੰਮਿਗ ਕਰਨ ਅਤੇ ਘੁੰਮਣ ਫਿਰਨ ਦਾ ਵੀ ਬਹੁਤ ਸ਼ੌਕੀਨ ਹੈ, ਜਿਸ ਸੰਬੰਧੀ ਆਪਣੀਆਂ ਇੰਨ੍ਹਾਂ ਰੁਚੀਆਂ ਦਾ ਇਜ਼ਹਾਰ ਉਸ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮਜ 'ਤੇ ਵੀ ਅਕਸਰ ਵਧ ਚੜ੍ਹ ਕੇ ਕੀਤਾ ਜਾਂਦਾ ਹੈ।
ਨਿਰਦੇਸ਼ਕ ਵਜੋਂ ਉਕਤ ਫਿਲਮਾਂ ਨੂੰ ਬੇਹਤਰੀਨ ਮੁਹਾਂਦਰਾ ਦੇਣ ਵਿਚ ਤਨਦੇਹੀ ਅਤੇ ਲਗਨ ਨਾਲ ਤਰੱਦਦ ਕਰ ਰਹੇ ਵਿਕਟਰ ਯੋਗਰਾਜ ਅਨੁਸਾਰ ਉਸ ਦੀਆਂ ਅਦਾਕਾਰੀ ਅਤੇ ਨਿਰਦੇਸ਼ਨ ਕਲਾਵਾਂ ਨੂੰ ਸੰਵਾਰਨ ਵਿਚ ਪੂਰੇ ਪਰਿਵਾਰ ਦੀ ਲਗਾਤਾਰ ਕੀਤੀ ਜਾ ਰਹੀ ਹੌਂਸਲਾ ਅਫਜਾਈ ਅਤੇ ਮਾਰਗਦਰਸ਼ਨ ਦਾ ਅਹਿਮ ਯੋਗਦਾਨ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਆਪਣੇ ਸੁਫਨਿਆਂ ਨੂੰ ਤਾਬੀਰ ਦੇਣ ਵਿਚ ਸਫਲ ਹੋ ਪਾ ਰਿਹਾ ਹਾਂ।
ਉਸ ਨੇ ਦੱਸਿਆ ਕਿ ਉਸ ਦੀ ਨਵੀਂ ਨਿਰਦੇਸ਼ਿਤ ਫਿਲਮ 'ਪੰਜਾਬ ਫਾਈਲਜ਼' ਵਿਚ ਪੰਜਾਬ ਦੇ ਕਰੰਟ ਮੁੱਦਿਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿਚ ਉਸ ਨਾਲ ਸਹਿ ਨਿਰਦੇਸ਼ਕ ਟਾਈਗਰ ਹਰਮੀਕ ਸਿੰਘ ਵੀ ਇਸ ਪ੍ਰੋਜੈਕਟ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਆਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਉਸ ਨੇ ਦੱਸਿਆ ਕਿ ਸੱਚੀਆਂ ਅਤੇ ਅਲਹਦਾ ਕੰਟੈਂਟ ਆਧਾਰਿਤ ਫਿਲਮਾਂ ਦਾ ਨਿਰਦੇਸ਼ਨ ਕਰਨਾ ਉਸ ਦੀ ਵਿਸ਼ੇਸ਼ ਤਰਜੀਹ ਵਿਚ ਸ਼ਾਮਿਲ ਹੈ।