ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿੱਚ ਹੋਰ ਮਜ਼ਬੂਤ ਪੈੜਾਂ ਸਿਰਜਣ ਵੱਲ ਅੱਗੇ ਵੱਧ ਰਿਹਾ ਹੈ ਅਦਾਕਾਰ ਸੁਰਿੰਦਰ ਸਿੰਘ, ਜੋ ਹੁਣ ਬਤੌਰ ਫਿਲਮ ਨਿਰਮਾਣਕਾਰ ਵੀ ਆਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਿਹਾ ਹੈ, ਜਿਸ ਵੱਲੋਂ ਨਿਰਮਿਤ ਕੀਤੀ ਜਾ ਰਹੀ ਹਿੰਦੀ ਫਿਲਮ ਜਲਦ ਦੂਸਰੇ ਸ਼ੂਟਿੰਗ ਸ਼ੈਡਿਊਲ ਦਾ ਹਿੱਸਾ ਬਣਨ ਜਾ ਰਹੀ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸੰਬੰਧ ਰੱਖਦਾ ਹੈ ਇਹ ਉਮਦਾ ਅਦਾਕਾਰ, ਜਿਸ ਨੇ ਬਹੁਤ ਛੋਟੀ ਜਿਹੀ ਉਮਰੇ ਵਿੱਚ ਹੀ ਬੇਸ਼ੁਮਾਰ ਸਿਨੇਮਾ ਪ੍ਰਾਪਤੀਆਂ ਆਪਣੀ ਝੋਲੀ ਪਾਉਣ ਦਾ ਸਿਹਰਾ ਹਾਸਿਲ ਕਰ ਲਿਆ ਹੈ।
ਪੰਜਾਬੀ ਮਿਊਜ਼ਿਕ ਵੀਡੀਓ ਦੇ ਖੇਤਰ 'ਚ ਬਤੌਰ ਮਾਡਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਹੋਣਹਾਰ ਅਦਾਕਾਰ ਨੇ ਅਪਣੇ ਹੁਣ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਐਕਟਿੰਗ ਦੇ ਖਿਤੇ 'ਚ ਉਸ ਦੀ ਰਸਮੀ ਸ਼ੁਰੂਆਤ ਮਸ਼ਹੂਰ ਗਾਇਕ ਅਮਰ ਅਰਸ਼ੀ ਦੇ ਧਾਰਮਿਕ ਗਾਣੇ ਹੇਮਕੁੰਟ ਸਾਹਿਬ ਦੀ ਪਾਵਨ ਧਰਤੀ ਸੰਬੰਧਤ ਮਿਊਜ਼ਿਕ ਵੀਡੀਓ ਤੋਂ ਹੋਈ, ਜਿਸ ਨੂੰ ਟੀ-ਸੀਰੀਜ਼ ਦੁਆਰਾ ਬਹੁਤ ਹੀ ਵੱਡੇ ਪੱਧਰ ਉੱਪਰ ਰਿਲੀਜ਼ ਕੀਤਾ ਗਿਆ ਅਤੇ ਇਸ ਪਹਿਲੇ ਹੀ ਪ੍ਰੋਜੈਕਟ ਦੀ ਕਾਮਯਾਬੀ ਬਾਅਦ ਉਸ ਨੇ ਜਿੱਥੇ ਕਈ ਹੋਰ ਨਾਮਵਰ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ, ਉਥੇ ਸਿਨੇਮਾ ਖੇਤਰ ਵਿੱਚ ਵੀ ਕਈ ਮਾਣ ਭਰੀਆਂ ਪ੍ਰਾਪਤੀਆਂ ਉਸ ਦੀ ਝੋਲੀ ਪਈਆਂ।
ਬਾਲੀਵੁੱਡ ਦੇ ਕਈ ਮੰਨੇ ਪ੍ਰਮੰਨੇ ਨਿਰਦੇਸ਼ਕਾਂ, ਪ੍ਰੋਡੋਕਸ਼ਨ ਹਾਊਸ ਅਤੇ ਐਕਟਰਜ਼ ਨਾਲ ਕੰਮ ਕਰ ਚੁੱਕੇ ਇਸ ਬਾਕਮਾਲ ਅਦਾਕਾਰ ਨੇ ਦੱਸਿਆ ਕਿ ਉਸਦੀਆਂ ਹੁਣ ਤੱਕ ਕੀਤੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਸਾਲ 2012 ਵਿੱਚ ਆਈ ਸੁਨੀਲ ਸੈੱਟੀ ਅਤੇ ਰਣਦੀਪ ਹੁੱਡਾ ਸਟਾਰਰ 'ਅਪਰੇਸ਼ਨ ਫਰਾਈਡੇ', ਵਿਪੁਲ ਸ਼ਾਹ ਦੀ ਅਦਾ ਸ਼ਰਮਾ ਨਾਲ 'ਬਖਤਰ', ਹਰਜੀਤ ਰਿੱਕੀ ਨਿਰਦੇਸ਼ਿਤ 'ਬਾਬਾ ਬੰਦਾ ਸਿੰਘ ਬਹਾਦਰ' ਅਤੇ 'ਵਨਸ ਅਪਾਨ ਇਨ ਟਾਈਮ ਅੰਮ੍ਰਿਤਸਰ' ਆਦਿ ਸ਼ੁਮਾਰੀ ਰਹੀਆਂ ਹਨ।
ਇਸ ਤੋਂ ਇਲਾਵਾ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਵੀ ਹਰਦੀਪ ਬਦੋਵਾਲ ਨਿਰਦੇਸ਼ਿਤ ਅਤੇ ਅਸ਼ਮਿਤ ਪਟੇਲ ਸਟਾਰਰ 'ਦਿਲ ਸਾਡਾ ਲੁੱਟਿਆ ਗਿਆ' ਅਤੇ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਅਧੀਨ ਬਣੀ ਫਿਲਮ 'ਅਰਦਾਸ' ਦਾ ਪ੍ਰਭਾਵੀ ਹਿੱਸਾ ਰਿਹਾ ਹੈ।
ਪੜਾਅ ਦਰ ਪੜਾਅ ਹੋਰ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਹੇ ਇਸ ਪ੍ਰਤਿਭਾਸ਼ਾਲੀ ਅਦਾਕਾਰ-ਨਿਰਮਾਤਾ ਨੇ ਦੱਸਿਆ ਕਿ ਨਿਰਦੇਸ਼ਕ ਦੇ ਤੌਰ 'ਤੇ ਕੀਤੀਆਂ ਕੁਝ ਲਘੂ ਫਿਲਮਾਂ ਨੇ ਵੀ ਉਸਦੇ ਵਜੂਦ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਨੂੰ ਮਿਲੀ ਸਲਾਹੁਤਾ ਉਪਰੰਤ ਉਹ ਨਿਰਮਾਤਾ ਦੇ ਤੌਰ 'ਤੇ ਆਪਣਾ ਇੱਕ ਹੋਰ ਡਰੀਮ ਪ੍ਰੋਜੈਕਟ ਹਿੰਦੀ ਫਿਲਮ 'ਪੰਜਾਬੀ ਵਿਰਸਾ' ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਿਹਾ, ਜਿਸ ਦੇ ਦੂਸਰੇ ਖਿੱਤੇ ਮਹੱਤਵਪੂਰਨ ਸ਼ੈਡਿਊਲ ਦੀ ਸ਼ੂਟਿੰਗ ਫਰਵਰੀ 2024 ਨੂੰ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੁਰੂ ਹੋ ਰਹੀ ਹੈ, ਜਿਸ ਵਿੱਚ ਦਿੱਗਜ ਐਕਟਰ ਮਨੋਜ ਜੋਸ਼ੀ ਸਮੇਤ ਹਿੰਦੀ ਸਿਨੇਮਾ ਦੇ ਕਈ ਨਾਮਵਰ ਚਿਹਰੇ ਲੀਡਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੇ।