ਚੰਡੀਗੜ੍ਹ: ਪੰਜਾਬੀ ਗਾਇਕ ਜੱਸੀ ਗਿੱਲ ਜੋ ਇੰਨੀਂ ਦਿਨੀਂ ਆਪਣੇ ਇੱਕ ਗੀਤ ਨੂੰ ਲੈ ਚਰਚਾ ਵਿੱਚ ਹਨ, ਉਹਨਾਂ ਨੇ ਹੁਣ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ, ਜੀ ਹਾਂ...ਅਦਾਕਾਰ-ਗਾਇਕ ਨੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਉਹ ਇੱਕ ਲੜਕੇ ਦੇ ਪਿਤਾ ਬਣ ਗਏ ਹਨ ਅਤੇ ਉਸ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੇ ਬੇਟੇ ਦੇ ਜਨਮ ਹੋਏ ਨੂੰ ਪੂਰੇ ਤਿੰਨ ਮਹੀਨੇ ਹੋ ਗਏ ਹਨ।
'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਅਦਾਕਾਰ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਆਓ ਮੈਂ ਤੁਹਾਨੂੰ ਸਾਡੇ ਰਾਜਕੁਮਾਰ ਜੈਜਵਿਨ ਗਿੱਲ ਨਾਲ ਮਿਲਵਾਉਂਦਾ ਹਾਂ, ਤੁਹਾਨੂੰ ਸਾਡੀ ਦੁਨੀਆ ਵਿੱਚ ਆਏ ਨੂੰ 90 ਦਿਨ ਹੋ ਗਏ ਹਨ, ਤੁਸੀਂ ਇੱਕ ਛੋਟੀ ਜਿਹੀ ਬਰਕਤ ਹੋ, ਅਸੀਂ ਬਹੁਤ ਜਿਆਦਾ ਸ਼ੁਕਰਗੁਜ਼ਾਰ ਹਾਂ, ਤਿੰਨ ਮਹੀਨੇ ਦੇ ਜਨਮਦਿਨ ਦੀਆਂ ਮੁਬਾਰਕਾਂ ਮੇਰੇ ਲੜਕੇ।' ਹੁਣ ਅਦਾਕਾਰ-ਗਾਇਕ ਦੀ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਲਗਾਤਾਰ ਵਧਾਈ ਸੰਦੇਸ਼ ਭੇਜ ਰਹੇ ਹਨ, ਇਸ ਵਿੱਚ ਕਈ ਦਿੱਗਜ ਸਿਤਾਰੇ ਮੌਜੂਦ ਹਨ, ਜਿਵੇਂ ਕਿ ਕਪਿਲ ਸ਼ਰਮਾ, ਹਰਸ਼ਦੀਪ ਕੌਰ, ਜੀ ਖਾਨ, ਅਰਮਾਨ ਬੇਦਿਲ ਅਤੇ ਹੋਰ ਬਹੁਤ ਸਾਰੇ। ਕਪਿਲ ਸ਼ਰਮਾ ਨੇ ਵਧਾਈ ਸੰਦੇਸ਼ ਵਿੱਚ ਲਿਖਿਆ ਹੈ 'ਬਹੁਤ ਬਹੁਤ ਮੁਬਾਰਕਬਾਦ ਵੀਰ, ਪਰਮਾਤਮਾ ਹਮੇਸ਼ਾ ਅੰਗ ਸੰਗ ਰਹੇ...ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਸੋਹਣੇ ਪਰਿਵਾਰ 'ਤੇ।'
ਜੱਸੀ ਗਿੱਲ ਬਾਰੇ ਹੋਰ:ਜਸਦੀਪ ਸਿੰਘ ਗਿੱਲ ਉਰਫ਼ ਜੱਸੀ ਗਿੱਲ ਇੱਕ ਭਾਰਤੀ ਅਦਾਕਾਰ-ਗਾਇਕ ਹੈ, ਜਿਸਨੇ ਮੁੱਖ ਤੌਰ 'ਤੇ ਪੰਜਾਬੀ ਸਿਨੇਮਾ ਅਤੇ ਬਾਲੀਵੁੱਡ ਵਿੱਚ ਕੰਮ ਕੀਤਾ ਹੈ। ਜੱਸੀ ਗਿੱਲ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਹੈ। ਜੱਸੀ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਸਾਲ 2011 ਵਿੱਚ ਐਲਬਮ ਬੈਕਮੇਟ ਨਾਲ ਕੀਤੀ, ਇਸ ਐਲਬਮ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਗਿਆ। ਸਾਲ 2012 'ਚ ਰਿਲੀਜ਼ ਹੋਈ ਵਿਗੜੇ ਸ਼ਰਾਬੀ, ਫਿਰ ਸਾਲ 2013 'ਚ 'ਬੈਚਮੇਟ' ਦਾ ਦੂਜਾ ਭਾਗ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਨੇ ਪਹਿਲੇ ਨਾਲੋਂ ਵੀ ਜ਼ਿਆਦਾ ਪਸੰਦ ਕੀਤਾ।
ਸੰਗੀਤ ਦੀ ਦੁਨੀਆ ਵਿੱਚ ਨਾਮ ਕਮਾਉਣ ਤੋਂ ਬਾਅਦ ਜੱਸੀ ਨੇ ਅਦਾਕਾਰੀ ਦੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਈ ਅਤੇ ਪੰਜਾਬੀ ਫਿਲਮ 'ਮਿਸਟਰ ਐਂਡ ਮਿਸਿਜ਼ 420' ਨਾਲ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ। ਫਿਰ ਉਹ 'ਦਿਲ ਵਿਲ ਪਿਆਰ-ਵਿਆਰ', 'ਮੁੰਡਿਆ ਤੋਂ ਬਚਕੇ ਰਹੀ' ਆਦਿ ਸਮੇਤ ਕਈ ਹੋਰ ਫਿਲਮਾਂ ਵਿੱਚ ਨਜ਼ਰ ਆਇਆ। ਜੱਸੀ ਗਿੱਲ ਨੇ ਹਿੰਦੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਫਿਲਮ 'ਹੈਪੀ ਫਿਰ ਭਾਗ ਜਾਏਗੀ' ਨਾਲ ਕੀਤੀ ਸੀ, ਇਸ ਫਿਲਮ ਵਿੱਚ ਜੱਸੀ ਚਰਨਜੀਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਸਨ। ਹਾਲ ਹੀ ਵਿੱਚ ਜੱਸੀ ਗਿੱਲ ਨੂੰ ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖਾਨ ਨਾਲ 'ਕਿਸੀ ਕਾ ਭਾਈ ਕਿਸੀ ਕੀ ਜਾਨ' ਵਿੱਚ ਦੇਖਿਆ ਗਿਆ ਸੀ।