ਮੁੰਬਈ (ਬਿਊਰੋ):ਫਿਲਮ ਇੰਡਸਟਰੀ ਤੋਂ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਗੋਲਮਾਲ ਦੇ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। ਅਦਾਕਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸ਼੍ਰੇਅਸ ਤਲਪੜੇ ਇਨ੍ਹੀਂ ਦਿਨੀਂ ਫਿਲਮ 'ਵੈਲਕਮ ਟੂ ਦਾ ਜੰਗਲ' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ ਅਤੇ ਜਦੋਂ ਉਹ ਘਰ ਵਾਪਸ ਆਏ ਤਾਂ ਉਹ ਕਾਫੀ ਅਸਹਿਜ ਮਹਿਸੂਸ ਕਰ ਰਹੇ ਸਨ। ਇਹ ਗੱਲ ਉਸ ਨੇ ਆਪਣੀ ਪਤਨੀ ਨਾਲ ਵੀ ਸਾਂਝੀ ਕੀਤੀ ਸੀ। 47 ਸਾਲਾ ਅਦਾਕਾਰ ਨੇ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਹੁਨਰ ਦਾ ਪ੍ਰਦਰਸ਼ਨ ਜਾਰੀ ਰੱਖਿਆ ਹੈ। ਅਜਿਹੇ 'ਚ ਇਹ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਝਟਕਾ ਦੇਣ ਵਾਲੀ ਹੈ।
ਸਿਹਤ ਅਪਡੇਟ:ਅਦਾਕਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਉਸ ਨੂੰ ਇਲਾਜ ਲਈ ਸ਼੍ਰੇਅਸ ਮੁੰਬਈ ਦੇ ਅੰਧੇਰੀ ਵੈਸਟ ਦੇ ਬੇਲੇ ਵਿਊ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੱਸਿਆ ਕਿ ਅਦਾਕਾਰ ਨੂੰ ਸ਼ੂਟਿੰਗ ਤੋਂ ਪਰਤਦਿਆਂ ਸਮੇਂ ਦਿਲ ਦਾ ਦੌਰਾ ਪਿਆ ਸੀ ਤੇ ਡਾਕਟਰਾਂ ਵਲੋਂ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ ਤੇ ਹੁਣ ਉਹ ਬਿਲਕੁਲ ਠੀਕ ਹਨ।
ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਸ਼੍ਰੇਅਸ:ਦੱਸ ਦਈਏ ਕਿ ਉਹ ਮੁੰਬਈ 'ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਅਤੇ ਉਹ ਸ਼ੈਡਿਊਲ ਖਤਮ ਕਰਕੇ ਜਲਦੀ ਹੀ ਘਰ ਪਹੁੰਚ ਗਏ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟ ਮੁਤਾਬਕ ਤਲਪੜੇ ਬਿਲਕੁਲ ਠੀਕ ਹਨ ਅਤੇ ਉਹ ਮਲਟੀਸਟਾਰਰ ਫਿਲਮ 'ਵੈਲਕਮ ਟੂ ਦ ਜੰਗਲ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਜਾਣਕਾਰੀ ਮੁਤਾਬਕ ਫਿਲਮ ਦੇ ਸੈੱਟ 'ਤੇ ਉਹ ਬਿਲਕੁਲ ਠੀਕ-ਠਾਕ ਸੀ ਅਤੇ ਆਪਣੇ ਸਾਥੀਆਂ ਨਾਲ ਹਾਸਾ-ਮਜ਼ਾਕ ਕਰ ਰਹੇ ਸੀ। ਉਨ੍ਹਾਂ ਨੇ ਸੈੱਟ 'ਤੇ ਕੁਝ ਐਕਸ਼ਨ-ਪੈਕ ਸੀਨਜ਼ ਵੀ ਸ਼ੂਟ ਕੀਤੇ।
ਕਰੀਅਰ ਬਾਰੇ: ਸ਼੍ਰੇਅਸ ਤਲਪੜੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ ਅਤੇ ਉਹ ਅਕਸਰ ਕਾਮੇਡੀ ਜਾਂ ਗੰਭੀਰ ਕਿਸਮ ਦੀਆਂ ਫਿਲਮਾਂ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਤਲਪੜੇ ਹਿੰਦੀ ਦੇ ਨਾਲ-ਨਾਲ ਮਰਾਠੀ ਸਿਨੇਮਾ ਵਿੱਚ ਆਪਣੇ ਕੰਮ ਲਈ ਪ੍ਰਸਿੱਧ ਹੈ। ਇਸ ਦੌਰਾਨ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ 'ਵੈਲਕਮ ਟੂ ਦ ਜੰਗਲ' 'ਚ ਕੰਮ ਕਰਦੇ ਨਜ਼ਰ ਆਉਣਗੇ। ਫਿਲਮ ਵਿੱਚ ਤਲਪੜੇ ਦੇ ਨਾਲ ਅਕਸ਼ੈ ਕੁਮਾਰ, ਜੈਕਲੀਨ ਫਰਨਾਂਡੀਜ਼, ਲਾਰਾ ਦੱਤਾ, ਸੁਨੀਲ ਸ਼ੈੱਟੀ, ਸੰਜੇ ਦੱਤ, ਪਰੇਸ਼ ਰਾਵਲ, ਰਵੀਨਾ ਟੰਡਨ, ਦਿਸ਼ਾ ਪਟਾਨੀ, ਅਰਸ਼ਦ ਵਾਰਸੀ, ਰਾਜਪਾਲ ਯਾਦਵ, ਜੌਨੀ ਲੀਵਰ, ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਤੁਸ਼ਾਰ ਕਪੂਰ ਅਤੇ ਹੋਰ ਬਹੁਤ ਸਾਰੇ ਅਦਾਕਾਰ ਅਹਿਮ ਭੂਮਿਕਾ 'ਚ ਹਨ।