ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਅਦਾਕਾਰ ਹਰੀਸ਼ ਵਰਮਾ ਦੇ ਸਿਤਾਰੇ ਅੱਜ ਕੱਲ੍ਹ ਕਾਫ਼ੀ ਬੁਲੰਦੀਆਂ 'ਤੇ ਹਨ, ਜੋ ਬੈਕ-ਟੂ-ਬੈਕ ਕਈ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ ਅਤੇ ਇਸੇ ਮਸ਼ਰੂਫੀਅਤ ਦੇ ਮੱਦੇਨਜ਼ਰ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਤੂੰ ਬਣਦਾ ਵੇਖੀਂ ਕੀ' ਦਾ ਵੀ ਆਗਾਜ਼ ਹੋ ਚੁੱਕਾ ਹੈ। ਜਿਸ ਦੀ ਸ਼ੂਟਿੰਗ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ 'ਚ ਸ਼ੁਰੂ ਹੋ ਚੁੱਕੀ ਹੈ।
'ਬਲ ਪ੍ਰੋਡੋਕਸ਼ਨ, ਸੇਵੀਅਰ ਮੋਸ਼ਨ ਪਿਕਚਰਜ਼ ਅਤੇ ਵਿਰਾਸਤ ਫਿਲਮਜ਼' ਦੇ ਬੈਨਰਜ਼ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਗੁਰੀ ਸੇਖੋਂ ਕਰਨ ਜਾ ਰਹੇ ਹਨ। ਜਦ ਕਿ ਸਿਨੇਮਾਟੋਗ੍ਰਾਫ਼ਰ ਵਜੋਂ ਜਿੰਮੇਵਾਰੀਆਂ ਗੈਰੀ ਸਿੰਘ ਸੰਭਾਲ ਰਹੇ ਹਨ। ਮੈਲਬੌਰਨ, ਵਿਕ ਅਤੇ ਆਸਟ੍ਰੇਲੀਆ ਦੀਆਂ ਹੋਰ ਮਨਮੋਹਕ ਅਤੇ ਪ੍ਰਾਈਮ ਲੋਕੇਸ਼ਨਜ਼ ਉੱਪਰ ਸ਼ੂਟ ਕੀਤੀ ਜਾ ਰਹੀ ਇਸ ਫਿਲਮ ਵਿੱਚ ਹਰੀਸ਼ ਵਰਮਾ ਅਤੇ ਯਸ਼ ਸਾਗਰ ਲੀਡ ਜੌੜੀ ਦੇ ਤੌਰ 'ਤੇ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਮਿੰਟੂ ਕਾਪਾ, ਪ੍ਰਕਾਸ਼ ਗਾਧੂ, ਦੀਦਾਰ ਗਿੱਲ, ਸੀਮਾ ਕੌਸ਼ਲ, ਜਤਿੰਦਰ ਕੌਰ, ਸਰਦਾਰ ਸੋਹੀ, ਹਨੀ ਮੱਟੂ ਆਦਿ ਜਿਹੇ ਮੰਨੇ ਪ੍ਰਮੰਨੇ ਪੰਜਾਬੀ ਸਿਨੇਮਾ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ 'ਚ ਨਜ਼ਰ ਆਉਣਗੇ।