ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਗੁਰਪ੍ਰੀਤ ਤੋਤੀ, ਜੋ ਹੁਣ ਬਤੌਰ ਲੇਖਕ ਵੀ ਇੱਕ ਹੋਰ ਨਵੇਂ ਸਿਨੇਮਾ ਅਧਿਆਏ ਵੱਲ ਵੱਧ ਰਿਹਾ ਹੈ, ਜਿਸ ਦਾ ਬਾਖ਼ੂਬੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨਾਂ ਦੀ ਨਵੀਂ ਪੰਜਾਬੀ ਫਿਲਮ 'ਕੁੰਡੀ ਨਾ ਖੜਕਾ' ਜੋ ੳਟੀਟੀ ਪਲੇਟਫ਼ਾਰਮ ਉਪਰ ਆਨ ਸਟਰੀਮ ਹੋ ਚੁੱਕੀ ਹੈ।
'ਇੰਨਟੇਸ ਫਿਲਮਜ਼' ਅਤੇ 'ਕੁਲਜੀਤ ਸ਼ੇਰਗਿੱਲ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਪਵਨ ਕੈਂਥ ਦੁਆਰਾ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਨਵੇਂ ਅਤੇ ਸ਼ਾਨਦਾਰ ਆਗਾਜ਼ ਵੱਲ ਵੱਧ ਚੁੱਕੇ ਹਨ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਕਾਮੇਡੀ ਡਰਾਮਾ ਕਹਾਣੀਸਾਰ ਅਧਾਰਿਤ ਹੈ, ਜਿਸ ਵਿੱਚ ਪਰਿਵਾਰਿਕ ਰਿਸ਼ਤਿਆਂ ਅਤੇ ਪੁਰਾਤਨ ਪੰਜਾਬ ਦੇ ਰੰਗਾਂ ਨੂੰ ਵੀ ਦਿਲਚਸਪ ਅਤੇ ਭਾਵਨਾਤਮਕਤਾ ਭਰੇ ਸਿਨੇਮਾ ਸਿਰਜਣ ਰੰਗ ਦੇਣ ਦਾ ਖੂਬਸੂਰਤ ਉਪਰਾਲਾ ਕੀਤਾ ਗਿਆ ਹੈ।
ਪੰਜਾਬੀ ਸਿਨੇਮਾ ਦੀਆਂ ਬਿਹਤਰੀਨ ਫਿਲਮਾਂ ਵਿੱਚ ਸ਼ੁਮਾਰ ਕਰਵਾ ਚੁੱਕੀ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਕੁਲਜੀਤ ਸ਼ੇਰਗਿੱਲ, ਪਰਮਿੰਦਰ ਕੌਰ ਗਿੱਲ, ਰਾਜ ਕੌਰ ਧਾਲੀਵਾਲ, ਗੁਰਪ੍ਰੀਤ ਤੋਤੀ, ਜਗਮੀਤ ਕੌਰ, ਹਰਜਿੰਦਰ ਹੰਸ, ਗਗਨ ਭੰਗੂ, ਗੁਰੂ ਗੁਰਭੇਜ, ਸੌਰਵ ਬੱਗਾ, ਜੀਵਨ ਜੋਹਨ, ਨਰਿੰਦਰਜੀਤ ਕੌਰ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ, ਜਿੰਨਾਂ ਤੋਂ ਇਲਾਵਾ ਇਸ ਦੇ ਹੋਰਨਾਂ ਅਹਿਮ ਪੱਖਾ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਉਮਦਾ ਫਿਲਮ ਦੇ ਕੈਮਰਾਮੈਨ ਸਿਨੇਪ੍ਰੀਤ, ਐਸੋਸੀਏਟ ਨਿਰਦੇਸ਼ਕ ਗੁਰੀ ਪਿਕਸਲ, ਸਹਾਇਕ ਨਿਰਦੇਸ਼ਕ ਮਨੀ ਮੰਕੀ ਬੈਕਗਰਾਊਂਡ ਸਕੋਰਰ ਗੁਰਬੀਰ ਸਿੰਘ, ਦੀਪ ਨੁਸਰਤ, ਕਾਸਟਿਊਮ ਡਿਜ਼ਾਈਨਰ ਨਰਿੰਦਰਜੀਤ ਕੌਰ, ਪਿੱਠਵਰਤੀ ਗਾਇਕ ਗੁਰਬੀਰ ਸਿੰਘ, ਰਜਿਆ ਖਾਨ ਅਤੇ ਗੀਤਕਾਰ ਅਰਮਾਨ ਗਰੇਵਾਲ, ਲੇਖੀ ਭਵਾਨੀਗੜ੍ਹ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ 'ਬੱਲੇ ਓ ਚਲਾਕ ਸੱਜਣਾ' ਨਾਲ ਲੇਖਕ ਦੇ ਤੌਰ 'ਤੇ ਨਿਵੇਕਲੀ ਪਹਿਚਾਣ ਕਰਨ ਵਿੱਚ ਸਫ਼ਲ ਰਹੇ ਹਨ ਅਦਾਕਾਰ ਗੁਰਪ੍ਰੀਤ ਤੋਤੀ, ਜਿੰਨਾਂ ਦੀ ਲੇਖਨ ਕ੍ਰਿਏਸ਼ਨ ਨੂੰ ਹੋਰ ਮਜ਼ਬੂਤ ਪੈੜਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ, ਉਨਾਂ ਦੀ ਲਿਖੀ ਉਕਤ ਦੂਜੀ ਫਿਲਮ ਇਸ ਭਰਪੂਰ ਹਾਸਰਸ ਫਿਲਮ ਨੂੰ ਚਾਰੇ-ਪਾਸੇ ਤੋਂ ਸਲਾਹੁਤਾ ਮਿਲ ਰਹੀ ਹੈ, ਜਿਸ ਨਾਲ ਉਤਸ਼ਾਹਿਤ ਹੋਏ ਇਸ ਬਾਕਮਾਲ ਅਦਾਕਾਰ ਅਤੇ ਲੇਖਕ ਨੇ ਦੱਸਿਆ ਕਿ ਲੇਖਕ ਦੇ ਤੌਰ 'ਤੇ ਆਉਣ ਵਾਲੇ ਦਿਨਾਂ ਵਿਚ ਉਹ ਕੁਝ ਹੋਰ ਅਰਥ-ਭਰਪੂਰ ਫਿਲਮਾਂ ਵੀ ਦਰਸ਼ਕਾਂ ਦੇ ਸਨਮੁੱਖ ਕਰਨਗੇ, ਜਿਸ ਨਾਲ ਅਸਲ ਜੜਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜੀ ਨੂੰ ਵੀ ਉਨਾਂ ਦੀਆਂ ਅਸਲ ਜੜਾਂ ਨਾਲ ਜੋੜਨ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।