ਚੰਡੀਗੜ੍ਹ: ਵੈੱਬ ਸੀਰੀਜ਼ 'ਸੇਵਕ ਦਿ ਕਨਫੈਸ਼ਨ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਨੂੰ ਭਾਰਤ ਦੇ ਲੋਕਾਂ 'ਤੇ ਅਜਿਹੀ ਸੀਰੀਜ਼ ਬਣਾਉਣ ਦੀ ਕੀ ਲੋੜ ਸੀ। ਇਸ ਦੇ ਨਾਲ ਹੀ ਹਿੰਦੂਆਂ ਖਿਲਾਫ ਭੰਡੀ ਪ੍ਰਚਾਰ ਕਰਨ ਦੇ ਵੀ ਇਲਜ਼ਾਮ ਵੀ ਲੱਗੇ ਹਨ।
ਪਾਕਿਸਤਾਨੀ ਵੈੱਬ ਸੀਰੀਜ਼ 'ਸੇਵਕ ਦਿ ਕਨਫੈਸ਼ਨ' 26 ਨਵੰਬਰ ਨੂੰ ਰਿਲੀਜ਼ ਹੋਈ ਸੀ, ਜਿਸ ਦੇ ਐਪੀਸੋਡ ਯੂਟਿਊਬ 'ਤੇ ਉਪਲਬਧ ਹਨ। ਇਸ ਦੇ ਨਾਲ ਹੀ ਹੁਣ ਲੋਕ ਇਸ ਸੀਰੀਜ਼ ਨੂੰ ਲੈ ਕੇ ਗੁੱਸੇ 'ਚ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪੂਰਾ ਪ੍ਰਚਾਰ ਹੈ, ਜਿਸ ਵਿੱਚ ਹਿੰਦੂਆਂ ਦੀ ਗਲਤ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ 'ਚ ਟਵਿੱਟਰ 'ਤੇ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ।
ਹੁਣ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਸ਼ੋਸਲ ਮੀਡੀਆ ਉਤੇ ਪੋਸਟ ਸਾਂਝੀ ਕਰਕੇ ਪਾਕਿਸਤਾਨੀ ਵੈੱਬ ਸੀਰੀਜ਼ 'ਸੇਵਕ' ਉਤੇ ਪਾਬੰਦੀ ਦੀ ਮੰਗ ਕੀਤੀ।
ਰੀਨਾ ਰਾਏ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ 'ਮੈਂ ਦੀਪ ਸਿੱਧੂ ਬਾਰੇ ਸਾਹਮਣੇ ਆਈ, ਇਸ ਨਵੀਂ ਵੈੱਬ ਸੀਰੀਜ਼ 'ਤੇ ਪਾਕਿਸਤਾਨ ਸਰਕਾਰ ਨੂੰ ਪਾਬੰਦੀ ਲਗਾਉਣ ਦੀ ਬੇਨਤੀ ਕਰਦੀ ਹਾਂ। ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਵੈੱਬ ਸੀਰੀਜ਼ ਨੂੰ ਸਾਰੇ ਪਲੇਟਫਾਰਮਾਂ ਤੋਂ ਹਟਾਉਣ ਦੀ ਲੋੜ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ।
ਦੀਪ ਦੇ ਜਾਣ ਤੋਂ ਬਾਅਦ ਸਾਡੀ ਦੁਨੀਆਂ ਉਜਝ ਗਈ ਸੀ, ਅਜੇ ਅਸੀਂ ਇਸ ਦੁੱਖ ਤੋਂ ਉਭਰੇ ਨਹੀਂ ਹਾਂ ਅਤੇ ਇਸ ਤਰ੍ਹਾਂ ਦਾ ਟ੍ਰੇਲਰ ਦੇਖ ਕੇ ਮੈਂ ਬਹੁਤ ਭਾਵੁਕ ਹੋ ਗਈ ਹਾਂ। ਉਨ੍ਹਾਂ ਨੇ ਮੇਰੀ ਇੰਟਰਵਿਊ ਵਿੱਚ ਵਰਤੇ ਗਏ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਮੈਂ ਇਹ ਬਿਲਕੁਲ ਵੀ ਪਸੰਦ ਨਹੀਂ ਕਰਦੀ। ਜੇਕਰ ਕੋਈ ਫਿਲਮ ਜਾਂ ਸੀਰੀਜ਼ ਬਣਨ ਜਾ ਰਹੀ ਹੈ ਤਾਂ ਇਸ ਨੂੰ ਸਹੀ ਢੰਗ ਨਾਲ ਕਰਨ ਦੀ ਲੋੜ ਹੈ। ਮੈਂ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਇਸ 'ਤੇ ਪਾਬੰਦੀ ਲਗਾਉਣ ਲਈ ਮੇਰੀ ਮਦਦ ਕਰੋ। ਜੇਕਰ ਕੋਈ ਰੀਨਾ ਰਾਏ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ ਤਾਂ ਉਹ ਮੈਂ ਹੀ ਹੋਵਾਂਗੀ। ਮੈਂ ਇਸਦੀ ਇਜਾਜ਼ਤ ਨਹੀਂ ਦੇਵਾਂਗੀ, ਇਹ ਅਸਵੀਕਾਰਨਯੋਗ ਹੈ। ਇਸ ਦੇ ਨਾਲ ਰੀਨਾ ਨੇ ਸੇਵਕ ਵੈੱਬ ਸੀਰੀਜ਼ ਦੀ ਫੋਟੋ ਸਾਂਝੀ ਕੀਤੀ ਸੀ।
ਕੌਣ ਸੀ ਦੀਪ ਸਿੱਧੂ: ਦੀਪ ਸਿੱਧੂ ਇੱਕ ਭਾਰਤੀ ਅਦਾਕਾਰ, ਮਾਡਲ ਅਤੇ ਵਕੀਲ ਸੀ। ਉਸਦਾ ਜਨਮ 2 ਅਪ੍ਰੈਲ 1984 ਨੂੰ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਵਿੱਚ ਹੋਇਆ ਸੀ। ਉਸਨੇ ਜਿਆਦਾਤਰ ਪੰਜਾਬੀ ਅਤੇ ਬਾਲੀਵੁੱਡ (ਹਿੰਦੀ) ਫਿਲਮਾਂ ਵਿੱਚ ਕੰਮ ਕੀਤਾ ਸੀ। ਉਸ ਨੇ ਆਪਣੀ ਸ਼ੁਰੂਆਤ ਫਿਲਮ 'ਰਮਤਾ ਜੋਗੀ' ਨਾਲ ਕੀਤੀ ਜੋ ਕਿ ਮੰਨੇ-ਪ੍ਰਮੰਨੇ ਅਦਾਕਾਰ ਧਰਮਿੰਦਰ ਦੁਆਰਾ ਉਸਦੇ ਬੈਨਰ ਵਿਜੇਤਾ ਫਿਲਮਜ਼ ਹੇਠ ਬਣਾਈ ਗਈ ਸੀ।
ਕਿਵੇਂ ਹੋਈ ਦੀਪ ਸਿੱਧੂ ਦੀ ਮੌਤ:ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਫਰਵਰੀ 2022 ਵਿੱਚ ਹਰਿਆਣਾ ਦੇ ਸੋਨੀਪਤ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਅਦਾਕਾਰ ਦੀ ਦੋਸਤ ਰੀਨਾ ਰਾਏ ਵੀ ਉਸ ਦੇ ਨਾਲ ਹੀ ਬੈਠੀ ਸੀ।
ਇਹ ਵੀ ਪੜ੍ਹੋ:18 ਸਾਲ ਬਾਅਦ ਅਲੱਗ ਹੋਈ ਅਮਨ ਰੋਜ਼ੀ ਅਤੇ ਆਤਮਾ ਸਿੰਘ ਦੀ ਦੋਗਾਣਾ ਜੋੜੀ