ਹੈਦਰਾਬਾਦ:'ਮਿਸਟਰ ਪਰਫੈਕਸ਼ਨਿਸਟ' ਆਮਿਰ ਖਾਨ ਨੂੰ ਐਤਵਾਰ (12 ਜੂਨ) ਤੋਂ ਸ਼ੁਰੂ ਹੋਣ ਵਾਲੀਆਂ 'ਖੇਲੋ ਇੰਡੀਆ ਯੂਥ ਗੇਮਜ਼ 2022' ਲਈ ਸੱਦਾ ਦਿੱਤਾ ਗਿਆ ਹੈ। ਆਮਿਰ ਖਾਨ ਜਲਦ ਹੀ ਪੰਚਕੂਲਾ (ਹਰਿਆਣਾ) ਲਈ ਰਵਾਨਾ ਹੋਣ ਜਾ ਰਹੇ ਹਨ। ਆਮਿਰ ਇੱਥੇ ਸੈਲੀਬ੍ਰਿਟੀ ਗੈਸਟ ਦੇ ਤੌਰ 'ਤੇ ਪਹੁੰਚਣਗੇ ਅਤੇ ਦੇਸ਼ ਦੇ ਸਕੂਲਾਂ ਅਤੇ ਕਾਲਜਾਂ 'ਚ ਨੌਜਵਾਨ ਐਥਲੀਟ ਟੈਲੇਂਟ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਦੰਗਲ' ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਆਮਿਰ ਹਰਿਆਣਾ ਜਾਣਗੇ।
ਆਮਿਰ ਖਾਨ ਨੂੰ ਖੇਡਾਂ ਵਿੱਚ ਬਹੁਤ ਦਿਲਚਸਪੀ ਹੈ। ਹਾਲ ਹੀ 'ਚ ਉਨ੍ਹਾਂ ਨੂੰ IPL-15 ਦੇ ਫਾਈਨਲ ਮੈਚ 'ਚ ਵੀ ਸਟੇਡੀਅਮ 'ਚ ਦੇਖਿਆ ਗਿਆ ਸੀ। ਕੁਸ਼ਤੀ, ਟੇਬਲ ਟੈਨਿਸ ਤੋਂ ਲੈ ਕੇ ਕ੍ਰਿਕਟ ਤੱਕ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ 'ਚ ਆਮਿਰ ਦਾ ਉਤਸ਼ਾਹ ਅਕਸਰ ਦੇਖਣ ਨੂੰ ਮਿਲਿਆ ਹੈ।
ਦੱਸ ਦੇਈਏ ਕਿ ਸਾਲ 2016 'ਚ ਆਮਿਰ ਫਿਲਮ 'ਦੰਗਲ' ਦੀ ਸ਼ੂਟਿੰਗ ਦੌਰਾਨ ਹਰਿਆਣਾ ਗਏ ਸਨ। ਫਿਲਮ 'ਚ ਆਮਿਰ ਨੇ ਕੁਸ਼ਤੀ ਚੈਂਪੀਅਨ ਗੀਤਾ ਅਤੇ ਬਬੀਤਾ ਫੋਗਾਟ ਦਾ ਸਫ਼ਰ ਦਿਖਾਇਆ ਹੈ। ਇਹ ਫਿਲਮ ਦੇਸ਼ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਹਿੱਟ ਰਹੀ ਸੀ। ਇਸ ਫਿਲਮ ਨੇ ਚੀਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਦਾ ਰਿਕਾਰਡ ਵੀ ਬਣਾਇਆ ਹੈ।