ਨਵੀਂ ਦਿੱਲੀ: ਬਾਲੀਵੁੱਡ ਦੇ ਵਿਹੜੇ ਤੋਂ ਇੱਕ ਖਾਸ ਖਬਰ ਸੁਣਨ ਨੂੰ ਮਿਲ ਰਹੀ ਹੈ, ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਅਦਾਕਾਰੀ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਬੀਤੇ ਦਿਨੀਂ ਆਮਿਰ, ਦਿੱਲੀ ਵਿੱਚ ਇੱਕ ਇਵੈਂਟ ਵਿੱਚ ਨਜ਼ਰ ਆਏ, ਜਿੱਥੇ ਉਸਨੇ ਆਪਣੇ ਕਰੀਅਰ ਬਾਰੇ ਗੱਲ ਕੀਤੀ ਅਤੇ ਖੁਲਾਸਾ ਕੀਤਾ ਕਿ ਉਹ ਡੇਢ ਸਾਲ ਲਈ ਅਦਾਕਾਰੀ ਤੋਂ ਪਿੱਛੇ ਹੱਟ ਰਿਹਾ ਹੈ।
ਸਮਾਗਮ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋਈਆਂ। ਇੱਕ ਕਲਿੱਪ ਵਿੱਚ ਆਮਿਰ ਨੇ ਖੁਲਾਸਾ ਕੀਤਾ ਕਿ ਉਹ ਚੈਂਪੀਅਨਜ਼ ਨਾਮ ਦੀ ਇੱਕ ਫਿਲਮ ਕਰਨ ਵਾਲੇ ਸਨ। ਹਾਲਾਂਕਿ ਹੁਣ ਉਹ ਫਿਲਮ 'ਚ ਕੰਮ ਨਹੀਂ ਕਰਨਗੇ ਪਰ ਇਸ ਦੇ ਮੇਕਿੰਗ 'ਚ ਸ਼ਾਮਲ ਹੋਣਗੇ।
"ਜਦੋਂ ਮੈਂ ਇੱਕ ਅਦਾਕਾਰ ਦੇ ਤੌਰ 'ਤੇ ਕੋਈ ਫਿਲਮ ਕਰਦਾ ਹਾਂ, ਤਾਂ ਮੈਂ ਇਸ ਵਿੱਚ ਇੰਨਾ ਗੁਆਚ ਜਾਂਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਵਾਪਰਦਾ। ਮੈਨੂੰ ਲਾਲ ਸਿੰਘ ਚੱਢਾ ਤੋਂ ਬਾਅਦ ਚੈਂਪੀਅਨਜ਼ ਫਿਲਮ ਕਰਨੀ ਚਾਹੀਦੀ ਸੀ। ਇਹ ਇੱਕ ਸ਼ਾਨਦਾਰ ਸਕ੍ਰਿਪਟ ਹੈ, ਇੱਕ ਸੁੰਦਰ ਕਹਾਣੀ ਹੈ। ਇੱਕ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਅਤੇ ਪਿਆਰੀ ਫਿਲਮ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਬ੍ਰੇਕ ਲੈਣਾ ਚਾਹੁੰਦਾ ਹਾਂ, ਆਪਣੇ ਪਰਿਵਾਰ ਨਾਲ, ਆਪਣੀ ਮਾਂ ਨਾਲ, ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦਾ ਹਾਂ।" ਆਮਿਰ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਾਇਦ ਇਹ ਉਹ ਪਹਿਲਾ ਬ੍ਰੇਕ ਹੈ ਜੋ ਉਹ ਆਪਣੇ 35 ਸਾਲ ਦੇ ਕਰੀਅਰ ਵਿੱਚ ਅਦਾਕਾਰੀ ਤੋਂ ਲੈ ਰਿਹਾ ਹੈ।