ਹੈਦਰਾਬਾਦ: ਇਸ ਵਾਰ ਆਸਕਰ ਐਵਾਰਡ 2023 ਸਮਾਰੋਹ ਭਾਰਤੀ ਲੋਕਾਂ ਲਈ ਬਹੁਤ ਖਾਸ ਹੋਣ ਵਾਲਾ ਹੈ। 95ਵੇਂ ਆਸਕਰ ਐਵਾਰਡ ਸਮਾਰੋਹ ਦਾ ਰੰਗਾਰੰਗ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ 13 ਮਾਰਚ ਨੂੰ ਸਵੇਰੇ 5:30 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਤਿੰਨ ਭਾਰਤੀ ਫਿਲਮਾਂ ਆਸਕਰ 'ਚ ਆਪਣੀ ਦਾਅਵੇਦਾਰੀ ਪੇਸ਼ ਕਰਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਫਿਲਮਾਂ ਵਿੱਚ ਐਸਐਸ ਰਾਜਾਮੌਲੀ ਦੀ ‘ਆਰਆਰਆਰ’ ਵੀ ਸ਼ਾਮਲ ਹੈ, ਜਿਸ ਦੇ ਗੀਤ ‘ਨਟੂ-ਨਟੂ’ ਨੂੰ ਆਸਕਰ ਜਿੱਤਣ ਦੀ ਉਮੀਦ ਹੈ।
ਇਸ ਵਾਰ ਆਸਕਰ ਸਾਡਾ: ਤੁਹਾਨੂੰ ਦੱਸ ਦੇਈਏ ਕਿ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਸਾਲ ਹੋਣ ਵਾਲੇ ਆਸਕਰ ਐਵਾਰਡਜ਼ ਦੇ ਪ੍ਰੋਗਰਾਮ 'ਤੇ ਟਿਕੀਆਂ ਹੋਈਆਂ ਹਨ। ਆਸਕਰ 2023 ਨੂੰ ਲੈ ਕੇ ਭਾਰਤ ਵਿੱਚ ਜ਼ਬਰਦਸਤ ਕ੍ਰੇਜ਼ ਹੈ। ਲੋਕ ਇਸ ਦੇ ਪ੍ਰੋਗਰਾਮ ਨੂੰ ਲਾਈਵ ਦੇਖਣ ਲਈ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਇਸ ਵਾਰ ਭਾਰਤੀ ਫਿਲਮ ਜਗਤ ਦੀਆਂ ਤਿੰਨ ਫਿਲਮਾਂ ਆਸਕਰ ਲਈ ਨਾਮਜ਼ਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕਈ ਅੰਤਰਰਾਸ਼ਟਰੀ ਪੁਰਸਕਾਰ ਜਿੱਤ ਕੇ ਇਤਿਹਾਸ ਰਚਣ ਵਾਲੀ ਐੱਸ.ਐੱਸ. ਰਾਜਾਮੌਲੀ ਦੀ 'ਆਰ.ਆਰ.ਆਰ.' ਸਭ ਤੋਂ ਅੱਗੇ ਹੈ। ਇਸ ਦੇ ਕਈ ਕਲਾਕਾਰ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਲਾਸ ਏਂਜਲਸ ਪਹੁੰਚ ਚੁੱਕੇ ਹਨ।
RRR ਸਟਾਰ ਹੈ ਖੁਸ਼:NTR ਜੂਨੀਅਰ ਅਤੇ ਰਾਮ ਚਰਨ ਇਸ ਲਈ ਬਹੁਤ ਉਤਸ਼ਾਹਿਤ ਹਨ। ਐਨਟੀਆਰ ਜੂਨੀਅਰ ਨੇ ਕਿਹਾ ਕਿ ਇਹ ਇੱਕ ਅਦਾਕਾਰ ਲਈ ਬਹੁਤ ਵੱਡੀ ਉਪਲਬਧੀ ਹੈ ਜਦੋਂ ਉਸ ਦੇ ਕੰਮ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੀ ਇਹ ਫਿਲਮ ਸਿਨੇਮਾ ਦੇ ਸਭ ਤੋਂ ਵੱਡੇ ਤਿਉਹਾਰ ਆਸਕਰ ਐਵਾਰਡਜ਼ ਦਾ ਹਿੱਸਾ ਬਣਨ ਜਾ ਰਹੀ ਹੈ।