ਚੰਡੀਗੜ੍ਹ: ਆਉਣ ਵਾਲੀ ਪੰਜਾਬੀ ਫਿਲਮ ‘ਡੈਡੀ ਓ ਡੈਡੀ’ ਦਾ ਯੂਨਾਈਟਡ ਕਿੰਗਡਮ ਦੇ ਵੱਖ-ਵੱਖ ਸਥਾਨਾਂ 'ਤੇ ਜਾਰੀ ਸ਼ੂਟ (Daddy O Daddy Shooting) ਮੁਕੰਮਲ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਸੰਬੰਧਤ ਟੀਮ ਉਥੋਂ ਪੰਜਾਬ ਵੱਲ ਰਵਾਨਾ ਹੋ ਗਈ ਹੈ। ‘ਦੇਸੀ ਰਿਕਾਰਡਜ਼’ ਅਤੇ ਕਲੈਪਸਟੈਮ ਇੰਟਰਟੇਨਮੈਂਟ ਦੇ ਬੈਨਰਜ਼ ਹੇਠ ਬਣ ਰਹੀ ਇਸ ਫਿਲਮ ਵਿਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਿਨੇਮਾ ਨਾਲ ਸੰਬੰਧਤ ਕਈ ਮੰਨੇ-ਪ੍ਰਮੰਨੇ ਕਾਮੇਡੀ ਕਲਾਕਾਰ ਮਹੱਤਵਪੂਰਨ ਅਤੇ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।
ਹਾਲ ਹੀ ਵਿਚ ਰਿਲੀਜ਼ ਹੋਈ ਅਤੇ ਬਾਕਸ ਆਫ਼ਿਸ 'ਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਨਿਰਦੇਸ਼ਿਤ ਕਰ ਚੁੱਕੇ ਮਸ਼ਹੂਰ ਫਿਲਮਕਾਰ ਸਮੀਪ ਕੰਗ ਇਸ ਫਿਲਮ ਦਾ ਨਿਰਦੇਸ਼ਨ ਕਰ (Daddy O Daddy) ਰਹੇ ਹਨ।
ਉਨਾਂ ਦੱਸਿਆ ਕਿ ਕਾਮੇਡੀ-ਡਰਾਮਾ ਅਤੇ ਦਿਲਚਸਪ ਕਹਾਣੀ ਆਧਾਰਿਤ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਬਨਿੰਦਰ ਮੈਨਨ ਹਨ, ਜਿੰਨ੍ਹਾਂ ਵੱਲੋਂ ਬਹੁਤ ਹੀ ਉਮਦਾ ਫ਼ੋਟੋਗ੍ਰਾਫ਼ਰੀ ਅਧੀਨ ਇਸ ਫਿਲਮ ਦਾ ਸ਼ਾਨਦਾਰ ਫ਼ਿਲਮਾਂਕਣ ਸਾਊਥ ਲੰਦਨ ਦੀਆਂ ਖੂਬਸੂਰਤ ਲੋਕੇਸਨਜ਼ 'ਤੇ ਕੀਤਾ ਗਿਆ ਹੈ।
ਫਿਲਮ ਦੇ ਕਾਰਜਕਾਰੀ ਨਿਰਮਾਤਾ ਅਮਰਦੀਪ ਸਿੰਘ ਰੀਨ ਹਨ, ਜਿੰਨ੍ਹਾਂ ਅਨੁਸਾਰ ਫਿਲਮ ਦਾ ਵਿਸ਼ਾਸਾਰ ਚਾਹੇ ਕਾਮੇਡੀ ਇਰਦਗਿਰਦ ਰੱਖਿਆ ਗਿਆ ਹੈ, ਪਰ ਇਸ ਵਿਚ ਫ਼ੂਹੜ੍ਹਤਾ ਭਰੇ ਦੋ ਅਰਥੀ ਸੰਵਾਦਾਂ ਅਤੇ ਦ੍ਰਿਸ਼ਾਵਲੀ ਪੱਖੋਂ ਓਕਾ ਹੀ ਦੂਰੀ ਬਣਾਈ ਗਈ ਹੈ ਅਤੇ ਤਕਨੀਕੀ ਮਿਆਰ ਪੱਖੋਂ ਵੀ ਇਸ ਨੂੰ ਉੱਚ ਗੁਣਵੱਤਾ ਅਧੀਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹਰ ਪਰਿਵਾਰ ਇਸ ਫਿਲਮ ਨੂੰ ਇਕੱਠਿਆਂ ਬੈਠ ਕੇ ਵੇਖ ਸਕੇ।
ਉਨ੍ਹਾਂ ਦੱਸਿਆ ਕਿ ਲੰਦਨ ਵਿਖੇ ਕਰੀਬ 40 ਦਿਨ੍ਹਾਂ ਦੇ ਸਟਾਰਟ ਟੂ ਫ਼ਿਨਿਸ਼ ਸ਼ਡਿਊਲ (Daddy O Daddy) ਅਧੀਨ ਮੁਕੰਮਲ ਕੀਤੀ ਗਈ ਇਸ ਫਿਲਮ ਦੀ ਸਟਾਰ ਕਾਸਟ ਵਿਚ ਜਸਵਿੰਦਰ ਭੱਲਾ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਅਤੇ ਪਾਇਲ ਰਾਜਪੂਤ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਨਾਸਿਰ ਚਿਨਯੋਤੀ ਵੀ ਇਸ ਫਿਲਮ ਵਿਚ ਕਾਫ਼ੀ ਪ੍ਰਭਾਵੀ ਕਿਰਦਾਰ ਅਦਾ ਕਰ ਰਹੇ ਹਨ, ਜੋ ਹਾਲੀਆ ਸਮੇਂ ਚੜ੍ਹਦੇ ਪੰਜਾਬ ਦੀਆਂ ਕਈ ਪੰਜਾਬੀ ਫਿਲਮਾਂ ਨੂੰ ਸੋਹਣਾ ਮੁਹਾਂਦਰਾ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਯੂ.ਕੇ ਦੇ ਇਸ ਸ਼ੂਟ ਉਪਰੰਤ ਫਿਲਮ ਦਾ ਜਿਆਦਾਤਰ ਹਿੱਸਾ ਕੰਪਲੀਟ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਕੁਝ ਕੁ ਦ੍ਰਿਸ਼ਾਂ ਦਾ ਫ਼ਿਲਮਾਂਕਣ ਅਗਲੇ ਦਿਨ੍ਹਾਂ ਵਿਚ ਪੰਜਾਬ ਵਿਚ ਵੀ ਪੂਰਾ ਕੀਤਾ ਜਾਵੇਗਾ, ਜਿਸ ਦੌਰਾਨ ਵੀ ਕਈ ਅਹਿਮ ਸੀਨ ਫਿਲਮ ਦੇ ਸੁਮੱਚੀ ਐਕਟਰਜ਼ ਉਪਰ ਫਿਲਮਾਏ ਜਾਣਗੇ।
ਓਧਰ ਇਸ ਫਿਲਮ ਵਿਚ ਲੀਡ ਭੂਮਿਕਾ ਨਿਭਾ ਰਹੀ ਅਦਾਕਾਰਾ ਪਾਇਲ ਰਾਜਪੂਤ ਅਨੁਸਾਰ ਕਾਮੇਡੀ ਅਤੇ ਡ੍ਰਾਮੈਟਿਕ ਫਿਲਮਾਂ ਦੀ ਸਫ਼ਲ ਸਿਰਜਨਾ ਵਿਚ ਕਾਫ਼ੀ ਨਾਮਣਾ ਖੱਟ ਚੁੱਕੇ ਹਨ ਨਿਰਦੇਸ਼ਕ ਸਮੀਪ ਕੰਗ, ਜਿੰਨ੍ਹਾਂ ਨਾਲ ਜਸਵਿੰਦਰ ਭੱਲਾ, ਬਿੰਨੂ ਢਿੱਲੋਂ ਅਤੇ ਕਰਮਜੀਤ ਅਲਮੋਲ ਦੀ ਤਿੱਕੜ੍ਹੀ ਹਮੇਸ਼ਾ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਦੀ ਆ ਰਹੀ ਹੈ ਅਤੇ ਉਸ ਟ੍ਰੈਕ ਨੂੰ ਵੇਖਦਿਆਂ ਉਸ ਨੂੰ ਉਮੀਦ ਹੈ ਕਿ ਇਹ ਫਿਲਮ, ਜਿਸ ਦਾ ਉਹ ਵੀ ਪਹਿਲੀ ਵਾਰ ਅਹਿਮ ਪਾਰਟ ਬਣੀ ਹੈ, ਦਰਸ਼ਕਾਂ ਦੀ ਹਰ ਕਸੌਟੀ 'ਤੇ ਖਰੀ ਉਤਰੇਗੀ।