ਮੁੰਬਈ: ਕਹਿੰਦੇ ਹਨ ਕਿ ਪਤੀ-ਪਤਨੀ ਦਾ ਪਿਆਰ ਅਤੇ ਜ਼ਿੰਦਗੀ ਸੱਤ ਜਨਮਾਂ ਦੇ ਬੰਧਨ 'ਚ ਬੱਝੀ ਰਹਿੰਦੀ ਹੈ। ਪਿਆਰ ਦੇ ਰਿਸ਼ਤੇ 'ਚ ਦੋਵੇਂ ਇਕ-ਦੂਜੇ ਦੇ ਸੁੱਖ-ਦੁੱਖ 'ਚ ਇਕੱਠੇ ਰਹਿੰਦੇ ਹਨ। ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ, ਜਿੱਥੇ ਟੀਵੀ ਅਦਾਕਾਰਾ ਦੀਪਤੀ ਧਿਆਨੀ ਨੇ ਆਪਣੇ ਪਤੀ ਅਭਿਨੇਤਾ ਸੂਰਜ ਥਾਪਰ ਲਈ ਆਪਣਾ ਸਿਰ ਮੁੰਨਵਾਇਆ ਹੈ। ਦੱਸ ਦੇਈਏ ਕਿ ਦੀਪਤੀ ਧਿਆਨੀ ਨੇ ਤਿਰੂਪਤੀ ਬਾਲਾਜੀ ਮੰਦਰ ਵਿੱਚ ਆਪਣੇ ਪਤੀ ਲਈ ਸੁੱਖਣਾ ਸੁਖੀ ਸੀ।
ਦਰਅਸਲ, ਸੂਰਜ ਥਾਪਰ ਦੀ ਸਿਹਤ ਕੋਰੋਨਾ ਸੰਕਟ ਦੌਰਾਨ ਵਿਗੜ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਉਣਾ ਪਿਆ। ਸਭ ਕੁੱਝ ਠੀਕ ਹੋਣ ਤੋਂ ਬਾਅਦ, ਦੀਪਤੀ ਤਿਰੂਪਤੀ ਮੰਦਰ ਗਈ ਅਤੇ ਆਪਣੇ ਵਾਲ ਕੱਟਵਾ ਦਿੱਤੇ। ਸੂਰਜ ਥਾਪਰ ਨੇ ਆਪਣੀ ਪਤਨੀ ਦੀਪਤੀ ਧਿਆਨੀ ਦੇ ਨਵੇਂ ਲੁੱਕ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਨਾਲ ਹੀ ਦੀਪਤੀ ਧਿਆਨੀ ਨੇ ਵੀ ਤਸਵੀਰ ਸ਼ੇਅਰ ਕਰਦੇ ਹੋਏ ਕਿਊਟ ਕੈਪਸ਼ਨ ਦਿੱਤਾ ਹੈ। ਉਨ੍ਹਾਂ ਲਿਖਿਆ, ‘ਤੇਰੇ ਨਾਮ ਸੂਰਜ ਥਾਪਰ’। ਇਸ ਨਾਲ ਹੀ ਆਪਣੀ ਪਤਨੀ ਦੇ ਇਸ ਪਿਆਰ ਬਾਰੇ ਸੂਰਜ ਨੇ ਕਿਹਾ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ।