ਚੰਡੀਗੜ੍ਹ: ਅਮਰੀਕੀ ਰਿਐਲਿਟੀ ਸ਼ੋਅ 'ਬਿਗ ਬ੍ਰਦਰ 25' ਨੂੰ ਫਤਿਹ ਕਰਨ ਵਾਲ ਜੇਤੂ ਮਿਲ ਗਿਆ ਹੈ। ਇਸ ਸ਼ੋਅ ਵਿੱਚ ਜੱਗ ਬੈਂਸ ਉਰਫ ਜਗਤੇਸ਼ਵਰ ਸਿੰਘ ਬੈਂਸ ਨੇ ਬਿੱਗ ਬ੍ਰਦਰ ਦਾ ਖਿਤਾਬ ਜਿੱਤਿਆ ਹੈ। ਸ਼ੋਅ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ 'ਬਿੱਗ ਬ੍ਰਦਰ' ਦਾ ਵਿਜੇਤਾ ਬਣਿਆ ਹੈ।
ਬਿੱਗ ਬ੍ਰਦਰ ਹਾਊਸ 'ਚ ਜੱਗ ਦੇ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਘਰ 'ਚ 100 ਦਿਨ ਬਿਤਾਏ ਅਤੇ ਸਾਰੀਆਂ ਪਰੇਸ਼ਾਨੀਆਂ ਅਤੇ ਕੰਮਾਂ ਨੂੰ ਪਾਰ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ। ਜੱਗ ਨੂੰ ਟਰਾਫੀ ਦੇ ਨਾਲ-ਨਾਲ 6 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਵੀ ਮਿਲਿਆ ਹੈ। ਉਨ੍ਹਾਂ ਨੇ ਫਾਈਨਲ ਰਾਊਂਡ ਵਿੱਚ ਮੈਟ ਕਲੋਟਜ਼ ਨੂੰ ਹਰਾਇਆ ਅਤੇ 5-2 ਵੋਟਾਂ ਨਾਲ ਜੇਤੂ ਬਣ ਗਏ।
ਬੈਂਸ ਦੇ ਜੇਤੂ ਹੁੰਦਿਆਂ ਹੀ ਸਿੱਖ ਕੌਮ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਮੇਂ ਹਰ ਕੋਈ ਉਨ੍ਹਾਂ ਨੂੰ ਜਿੱਤ ਲਈ ਵਧਾਈ ਦੇ ਰਿਹਾ ਹੈ। ਇਕ ਪੋਰਟਲ ਨਾਲ ਗੱਲ ਕਰਦੇ ਹੋਏ ਬੈਂਸ ਨੇ ਕਿਹਾ, "ਮੈਂ ਹਮੇਸ਼ਾ ਇਮਾਨਦਾਰੀ ਨਾਲ ਖੇਡ ਕੇ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਸੀ। ਮੈਂ ਹਮੇਸ਼ਾ ਉਹੀ ਕੀਤਾ ਜੋ ਮੇਰੇ ਦਿਲ ਨੇ ਮੈਨੂੰ ਕਿਹਾ। ਮੈਂ ਬਹੁਤ ਖੁਸ਼ ਹਾਂ। ਮੈਂ ਬਚਪਨ ਤੋਂ ਹੀ 'ਬਿੱਗ ਬ੍ਰਦਰ' ਦਾ ਪ੍ਰਸ਼ੰਸਕ ਰਿਹਾ ਹਾਂ। ਸ਼ੋਅ 'ਚ ਜਾਣ ਦੀ ਇੱਛਾ ਸੀ, ਜੋ ਹੁਣ ਪੂਰੀ ਹੋ ਗਈ ਹੈ।
ਕਾਬਿਲੇਗੌਰ ਹੈ ਕਿ ਇਹ ਅਮਰੀਕੀ ਰਿਐਲਿਟੀ ਸ਼ੋਅ ਇਸੇ ਨਾਮ ਦੇ ਅਸਲ ਡੱਚ ਰਿਐਲਿਟੀ ਸ਼ੋਅ 'ਤੇ ਅਧਾਰਤ ਹੈ, ਜਿਸ ਨੂੰ ਨਿਰਮਾਤਾ ਜੌਨ ਡੀ ਮੋਲ ਦੁਆਰਾ 1997 ਵਿੱਚ ਬਣਾਇਆ ਗਿਆ ਸੀ। ਰਿਐਲਿਟੀ ਸ਼ੋਅ ਦਾ ਨਾਮ ਜਾਰਜ ਓਰਵੈਲ ਦੇ 1949 ਦੇ ਨਾਵਲ 'ਨਾਈਨਟੀਨ ਏਟੀ-ਫੋਰ' ਦੇ ਇੱਕ ਪਾਤਰ ਤੋਂ ਪ੍ਰੇਰਿਤ ਹੈ। ਅਮਰੀਕੀ ਸ਼ੋਅ 5 ਜੁਲਾਈ 2000 ਨੂੰ ਸੀ.ਬੀ.ਐੱਸ.'ਤੇ ਸ਼ੁਰੂ ਕੀਤਾ ਗਿਆ ਸੀ।