ਫ਼ਰੀਦਕੋਟ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਬੇਅਦਬੀ ਮਾਮਲਿਆਂ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਈ ਥਾਈਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ SC ਅਕਾਲੀ ਦਲ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੇ ਪੋਸਟਰਾਂ 'ਤੇ ਕਾਲਖ਼ ਮਲ਼ੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਫ਼ਰੀਦਕੋਟ ਦੇ ਗੋਦੜੀ ਸਾਹਿਬ ਵਿੱਚ ਗੁਲਜ਼ਾਰ ਸਿੰਘ ਰਣੀਕੇ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਫ਼ੋਟੋਆਂ 'ਤੇ ਕਿਸੇ ਨੇ ਕਾਲੀ ਸਿਆਹੀ ਮਲ ਕੇ ਪੋਸਟਰਾਂ 'ਤੇ ਪੰਥ ਦੋਸ਼ੀ ਵੀ ਲਿਖਿਆ ਹੈ।
ਜਿੱਥੇ ਅਕਾਲੀਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਮਾਮਲੇ ਵਿੱਚ ਪਾਰਟੀ ਲਈ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਆਪਣੇ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ਵੱਲੋਂ ਸਰਕਾਰੀ ਖੰਭਿਆਂ 'ਤੇ ਪੋਸਟਰ ਲਗਾਏ ਗਏ ਹਨ ਜੋ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਇਸ ਸਬੰਧੀ ਡੀਸੀ ਫ਼ਰੀਦਕੋਟ ਨੇ ਕਿਹਾ ਕਿ ਜਾਂਚ ਦੀ ਰਿਪੋਰਟ ਦੇ ਆਧਾਰ 'ਤੇ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਕਾਰਵਾਈ ਕੀਤੀ ਜਾਵੇਗੀ।
ਪੋਸਟਰਾਂ 'ਤੇ ਕਾਲਖ਼ ਮਲ਼ੇ ਜਾਣ ਨੂੰ ਲੈ ਕੇ ਗੋਦੜੀ ਸਾਹਿਬ ਤੋਂ ਆਕਲੀ ਦਲ ਦੇ ਸਰਪੰਚ ਤੇ ਗੁਰਕੰਵਲਜੀਤ ਸਿੰਘ ਨੇ ਕਿਹਾ ਕਿ ਪੋਸਟਰਾਂ 'ਤੇ ਕਾਲਖ਼ ਮਲ਼ਣਾ ਨਿੰਦਣਯੋਗ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਗੋਦੜੀ ਸਾਹਿਬ ਵਾਸੀ ਅਤੇ ਕਾਂਗਰਸੀ ਵਰਕਰ ਜਤਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਨੂੰ ਜਿਸ ਨੇ ਵੀ ਅੰਜਾਮ ਦਿੱਤਾ ਹੈ, ਉਸ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀਆਂ ਵਿਰੁੱਧ ਆਪਣਾ ਗ਼ੁਬਾਰ ਕੱਢਿਆ ਹੈ।