ਰੋਪੜ: ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਤ ਹਾਸਲ ਕਰਨ ਮਗਰੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਘਰ ਕਾਂਗਰਸ ਦੇ ਕਈ ਆਗੂ ਤੇ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਉਨ੍ਹਾਂ ਨੂੰ ਵਧਾਈ ਦੇਣ ਲਈ ਪੁੱਜੇ। ਇਨ੍ਹਾਂ ਆਗੂਆਂ ਵਿੱਚ ਆਮ ਆਦਮੀ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਅਮਰਜੀਤ ਸੰਦੋਆ ਵੀ ਸਨ।
ਮਨੀਸ਼ ਤਿਵਾੜੀ ਨੂੰ ਵਧਾਈ ਦੇਣ ਪੁੱਜੇ ਸੰਦੋਆ ਦਾ ਵਿਰੋਧ - punjab news
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਉਨ੍ਹਾਂ ਨੂੰ ਵਧਾਈ ਦੇਣ ਪੁੱਜੇ। ਇਸ ਦੌਰਾਨ ਮਨੀਸ਼ ਤਿਵਾੜੀ ਨੂੰ ਵਧਾਈ ਦੇਣ ਪੁੱਜੇ ਅਮਰਜੀਤ ਸੰਦੋਆ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈ ਕਿ ਜਿਸ ਵੇਲੇ ਸੰਦੋਆ ਮਨੀਸ਼ ਤਿਵਾੜੀ ਦੇ ਘਰ ਉਨ੍ਹਾਂ ਨੂੰ ਵਧਾਈਆਂ ਦੇਣ ਲਈ ਪੁਜੇ, ਉਸੇ ਸਮੇਂ ਨੂਰਪੁਰ ਬੇਦੀ ਤੋਂ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਬੱਗਾ ਨੇ ਸੰਦੋਆ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਨਰਿੰਦਰ ਬੱਗਾ ਨੇ ਕਿਹਾ ਕਿ ਸੰਦੋਆ ਕਾਰਨ ਉਨ੍ਹਾਂ ਦੇ ਇਲਾਕੇ ਵਿੱਚ ਕਾਂਗਰਸ ਨੂੰ ਇੱਕ ਵੀ ਵੋਟ ਹਾਸਲ ਨਹੀਂ ਹੋਈ। ਉਨ੍ਹਾਂ ਸੰਦੋਆ ਕਾਰਨ ਕਾਂਗਰਸ ਪਾਰਟੀ ਵਿੱਚ ਗੁੱਟਬਾਜ਼ੀ ਵੱਧ ਜਾਣ ਦੀ ਗੱਲ ਕਹੀ। ਬੱਗਾ ਨੇ ਕਿਹਾ ਕਿ ਸੰਦੋਆ ਨੇ ਕਾਂਗਰਸ ਪਾਰਟੀ ਦੇ ਪੱਧਰ ਨੂੰ ਨੀਵਾਂ ਕਰ ਦਿੱਤਾ ਹੈ।
ਇਸ ਮੌਕੇ ਕਾਂਗਰਸ ਪਾਰਟੀ ਦੇ ਬੁਲਾਰੇ ਬਰਿੰਦਰ ਢਿੱਲੋਂ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਜਦ ਨਰਿੰਦਰ ਬੱਗਾ ਪੱਤਰਕਾਰਾਂ ਨਾਲ ਗੱਲ ਕਰਨ ਲੱਗੇ ਤਾਂ ਪਾਰਟੀ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਕੁਝ ਵੀ ਕਹਿਣ ਤੋਂ ਰੋਕ ਦਿੱਤਾ ਗਿਆ।