ਆਪ ਨੇ 1 ਲੱਖ ਵਲੰਟੀਅਰਾਂ ਨੂੰ ਡੋਰ-ਟੂ-ਡੋਰ ਮੁਹਿੰਮ ਲਈ ਕੀਤਾ ਤਿਆਰ - captain
ਆਮ ਆਦਮੀ ਪਾਰਟੀ ਨੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਲੱਖ ਵਲੰਟੀਅਰਾਂ ਨੂੰ ਮੈਦਾਨ ਵਿੱਚ ਉਤਾਰਣ ਦਾ ਫ਼ੈਸਲਾ ਕੀਤਾ ਹੈ। ਵਲੰਟੀਅਰਆਂ ਦੀ ਇਹ ਫ਼ੌਜ ਮੌਜੂਦਾ ਕੈਪਟਨ ਸਰਕਾਰ ਅਤੇ ਪਿਛਲੀ ਬਾਦਲ ਸਰਕਾਰ ਬਾਰੇ ਲੋਕਾਂ ਨੂੰ ਦੱਸੇਗੀ। ਪਾਰਟੀ ਪ੍ਰਧਾਨ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਵਿੱਚ ਘਰ-ਘਰ ਦਸਤਕ ਦੇਣ ਜਾ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਨੇ ਇੱਕ ਲੱਖ ਵਲੰਟੀਅਰਾਂ ਨੂੰ ਮੈਦਾਨ ਵਿੱਚ ਉਤਾਰਣ ਦਾ ਫ਼ੈਸਲਾ ਕੀਤਾ ਹੈ।
ਇਸ ਸੰਬੰਧੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਾਰਟੀ ਸਾਰੀਆਂ 13 ਲੋਕ ਸਭਾ ਸੀਟਾਂ ਉੱਤੇ ਵਲੰਟੀਅਰਾਂ ਨੂੰ ਉਤਾਰਨ ਦੀ ਤਿਆਰੀ ਕਰ ਰਹੀ ਹੈ। ਵਲੰਟੀਅਰਆਂ ਦੀ ਇਹ ਫ਼ੌਜ ਘਰ-ਘਰ ਜਾ ਕੇ ਲੋਕਾਂ ਨੂੰ ਦੱਸੇਗੀ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ, ਪਿਛਲੀ ਬਾਦਲ ਸਰਕਾਰ ਨਾਲੋਂ ਬਿਲਕੁਲ ਵੀ ਅਲੱਗ ਨਹੀਂ ਹੈ। ਪੰਜਾਬ ਨੂੰ ਬਦਹਾਲੀ ਵਿਚੋਂ ਕੱਢਣ ਲਈ ਕੈਪਟਨ ਨੂੰ ਲੋਕਾਂ ਨੇ ਵੋਟਾਂ ਦਿੱਤੀਆਂ ਸਨ ਪਰ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਡੋਰ-ਟੂ-ਡੋਰ ਆਮ ਆਦਮੀ ਪਾਰਟੀ ਦਾ ਸਭ ਤੋਂ ਮਜ਼ਬੂਤ ਚੋਣ ਹਥਿਆਰ ਹੈ। ਇਸ ਦੇ ਦਮ 'ਤੇ ਪਾਰਟੀ ਦਿੱਲੀ 'ਚ 70 ਵਿੱਚੋਂ 67 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਏ ਸੀ। ਇਸ ਮੁਹਿੰਮ ਦੀ ਸਭ ਤੋਂ ਖ਼ਾਸ ਗੱਲ ਇਹ ਹੁੰਦੀ ਹੈ ਕਿ ਵੋਟਰਾਂ ਕੋਲ ਜਾ ਕੇ ਵਲੰਟੀਅਰ ਆਪਣੀ ਗੱਲ ਰੱਖਦੇ ਹਨ ਅਤੇ ਉਨ੍ਹਾਂ ਦੇ ਦੁੱਖ-ਦਰਦ ਵੀ ਸੁਣਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਵਲੰਟੀਅਰਾਂ ਨੂੰ ਡੋਰ-ਟੂ-ਡੋਰ ਲਈ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਟਰੇਨਿੰਗ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਲੋਕਾਂ ਨੂੰ ਦੱਸਣਾ ਹੈ ਕਿ ਦਿੱਲੀ ਵਿੱਚ ਕੇਜਰੀਵਾਲ ਨੇ 1 ਰੁਪਏ ਪ੍ਰਤੀ ਯੂਨਿਟ ਬਿਜਲੀ ਕਰ ਦਿੱਤੀ, ਉੱਥੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮਿਲਦੀ ਹੈ ਅਤੇ ਪੰਜਾਬ 'ਚ ਪੂਰਨ ਰਾਜ ਹੋਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਨੇ ਇਹ ਨਹੀਂ ਕਰ ਰਹੀ। ਇਸ ਮੁਹਿੰਮ ਰਾਹੀਂ ਵਲੰਟੀਅਰ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਬਾਰੇ ਵੀ ਦੱਸਣਗੇ। ਵਲੰਟੀਅਰਾਂ ਨੂੰ ਕੁੱਝ ਵੀਡੀਓ ਅਤੇ ਫੋਟੋ ਵੀ ਦਿੱਤੇ ਜਾ ਰਹੇ ਹਨ। ਇਨ੍ਹਾਂ ਰਾਹੀਂ ਉਹ ਦੱਸਣਗੇ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਰਕਾਰੀ ਸਕੂਲਾਂ ਅਤੇ ਸਰਕਾਰੀ ਹਸਪਤਾਲਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ।
ਆਮ ਆਦਮੀ ਪਾਰਟੀ ਆਪਣੇ ਵਲੰਟੀਅਰਾਂ ਨੂੰ ਅਜਿਹੇ ਦਸਤਾਵੇਜ਼ਾਂ ਨਾਲ ਲੈਸ ਕਰ ਕੇ ਲੋਕਾਂ ਕੋਲ ਭੇਜੇਗੀ ਜਿਸ ਰਾਹੀਂ ਉਹ ਦੱਸ ਸਕਣਗੇ ਕਿ ਦਿੱਲੀ ਵਿੱਚ ਕੇਜਰੀਵਾਲ ਨੇ ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਲਾਗੂ ਕਰ ਦਿੱਤਾ ਹੈ। ਹੁਣ ਦਿੱਲੀ ਵਿੱਚ ਕਿਸਾਨਾਂ ਨੂੰ ਕਣਕ 2,616 ਰੁਪਏ ਪ੍ਰਤੀ ਕੁਇੰਟਲ ਅਤੇ ਝੋਨਾ 2,667 ਰੁਪਏ ਪ੍ਰਤੀ ਕੁਇੰਟਲ ਮਿਲਣਗੇ, ਨਾਲ ਹੀ ਅਖ਼ਬਾਰਾਂ ਦੀ ਕਲਿਪਿੰਗ ਅਤੇ ਟੀਵੀ ਚੈਨਲਾਂ ਦੀ ਫੁਟੇਜ ਰਾਹੀਂ ਲੋਕਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਕਿਸਾਨ ਆਤਮਹੱਤਿਆ ਕਰਨ ਨੂੰ ਮਜਬੂਰ ਹੈ ਅਤੇ ਕੈਪਟਨ ਸਰਕਾਰ ਉਨ੍ਹਾਂ ਦੇ ਪ੍ਰਤੀ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੈ।