ਭੁਵਨੇਸ਼ਵਰ: ਓੜੀਸ਼ਾ ਵਿੱਚ ਆਏ ਚੱਕਰਵਾਤੀ ਤੂਫ਼ਾਨ 'ਫੋਨੀ' ਤੋਂ ਬਣੇ ਹਾਲਤਾਂ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੁਵਨੇਸ਼ਵਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਸੁਆਗਤ ਕਰਨ ਲਈ ਓੜੀਸ਼ਾ ਦੇ ਰਾਜਪਾਲ ਗਨੇਸ਼ੀ ਲਾਲ, ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਮੌਜੂਦ ਸਨ।
ਪੀਐਮ ਮੋਦੀ ਨੇ ਹੈਲੀਕਾਪਟਰ ਰਾਹੀਂ ਓੜੀਸ਼ਾ ਦੇ ਤੂਫ਼ਾਨ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਰਾਜਪਾਲ, ਮੁੱਖ ਮੰਤਰੀ ਮੌਜੂਦ ਸਨ।
ਇਸ ਜਾਇਜ਼ੇ ਤੋਂ ਬਾਅਦ ਪੀਐੱਮ ਨੇ ਓੜੀਸ਼ਾ ਦੇ ਮੁੱਖ ਮੰਤਰੀ ਤੇ ਅਧਿਕਾਰੀਆਂ ਨਾਲ ਉਚ ਪੱਧਰੀ ਬੈਠਕ ਵੀ ਕੀਤੀ।
ਇਸ ਦੌਰਾਨ ਪੀਐੱਮ ਨੇ ਕਿਹਾ ਕਿ ਉਹ ਓੜੀਸ਼ਾ ਦੇ ਲੋਕਾਂ ਦੀ ਤਾਰੀਫ਼ ਕਰਦੇ ਹਨ ਜੋ ਸਰਕਾਰ ਦੇ ਕਹੇ 'ਤੇ ਘਰ ਛੱਡਣ ਲਈ ਤਿਆਰ ਹੋ ਗਏ, ਜੇ ਉਹ ਇਸ ਤਰ੍ਹਾਂ ਨਾ ਕਰਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਸੀ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਉਨ੍ਹਾਂ ਸੂਬੇ ਲਈ 1000 ਕਰੋੜ ਦੀ ਮਾਲੀ ਮਦਦ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਓੜੀਸ਼ਾ ਵਿੱਚ ਫੋਨੀ ਤੁਫ਼ਾਨ ਨਾਲ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਦ ਕਿ 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ।