ਬਠਿੰਡਾ: 2017 ਦੀ ਚੋਣਾਂ ਵੇਲੇ ਕੈਪਟਨ ਨੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਸੱਤਾ ਵਿੱਚ ਆਉਣ ਤੋੋਂ ਬਾਅਦ ਨਸ਼ਾ ਚਾਰ ਹਫਤਿਆਂ ਖ਼ਤਮ ਕਰਨ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਕੈਪਟਨ ਸਰਕਾਰ ਦੇ ਸਾਢੇ ਚਾਰ ਸਾਲ ਦੇ ਸ਼ਾਸਨ ਬੀਤ ਜਾਣ ਮਗਰੋ ਵੀ ਪੰਜਾਬ ਵਿੱਚ ਨਿਤ ਦਿਨ ਨੌਜਵਾਨ ਨਸ਼ਿਆ ਦੀ ਭੇਟ ਚੜ ਰਹੇ ਹਨ। ਅਜਿਹਾ ਇਕ ਤਾਜ਼ਾ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਚਿੱਟੇ ਦੀ ਓਵਰ ਡੋਜ ਨਾਲ ਮੌਤ ਹੋ ਗਈ ਹੈ।
28 ਸਾਲ ਦਾ ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਆਪਣੀ ਵਿਧਵਾ ਮਾਤਾ ਦਾ ਛੋਟਾ ਅਤੇ ਲਾਡਲਾ ਪੁੱਤਰ ਸੀ,ਜਿਸ ਦੀ ਲਾਸ਼ ਅੱਜ ਪਿੰਡ ਵਿੱਚ ਹੀ ਕਿਸੇ ਦੇ ਘਰ ਵਿੱਚੋਂ ਮਿਲੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਤਲਵੰਡੀ ਸਾਬੋ ਦੇ ਮੁੱਖੀ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜ ਗਏ। ਮ੍ਰਿਤਕ ਦਾ ਪਰਿਵਾਰ ਸਦਮੇ ਵਿੱਚ ਹੋਣ ਕਰਕੇ ਦੋਸ਼ੀਆਂ ਖਿਲਾਫ ਕਰਵਾਈ ਦੀ ਮੰਗ ਤਾਂ ਕਰ ਰਿਹਾ ਹੈ ਪਰ ਫਿਲਹਾਲ ਕੈਮਰੇ ਸਾਹਮਣੇ ਬੋਲਣ ਲਈ ਹੌਂਸਲਾ ਨਹੀ ਜੁਟਾ ਰਿਹਾ।