ਗੁਰਦਾਸਪੁਰ: ਕਿਹਾ ਜਾਂਦਾ ਹੈ ਕਿ ਰਿਸ਼ਤੇ ਤੇ ਇੱਕ ਦੂਜੇ ਦੇ ਸੁੱਖ-ਦੁੱਖ ਦੇ ਭਾਈਵਾਲ ਬਣਦੇ ਹਨ, ਪਰ ਜ਼ਮੀਨ ਜਾਇਦਾਦ ਜਾਂ ਹੋਰਨਾਂ ਰੰਜਿਸ਼ਾਂ ਕਾਰਨ ਵਧੇਰੇ ਲੋਕਾਂ ਦੀ ਜਿੰਦਗੀ 'ਚ ਆਪਣੇਪਨ ਦੀ ਬਜਾਏ ਲੜ੍ਹਾਈਆਂ ਦੀ ਕਹਾਣੀ ਬਣ ਜਾਂਦੀ ਹੈ। ਅਜਿਹਾ ਹੀ ਮਾਮਲਾ ਗੁਰਦਾਸਪੁਰ ਵਿਖੇ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਇੱਕ ਸੁਹਰੇ ਵੱਲੋਂ ਨੂੰਹ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੜ੍ਹਤਾਲ ਕੀਤੀ ਗਈ ਸਹੁਰਾ ਤੇ ਨੂੰਹ ਦੋਵਾਂ ਨੇ ਆਪੋ ਅਪਣਾ ਪੱਖ ਰੱਖਿਆ। ਇਸ ਵੀਡੀਓ ਬਾਰੇ ਦੱਸਦੇ ਹੋਏ ਪੀੜਤ ਮਹਿਲਾ ਸੁਮਨ ਨੇ ਦੱਸਿਆ ਕਿ ਸਾਲ 2017 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ। ਉਸ ਦਾ ਪਤੀ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਤੇ ਨਸ਼ੇ ਦੀ ਲੱਤ ਦੇ ਕਾਰਨ ਉਸ ਦੇ ਗੁਰਦੇ ਖ਼ਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਮਗਰੋਂ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰੋਂ ਕੱਢ ਕੇ ਘਰ ਨੂੰ ਵੇਚਣਾ ਚਾਹੁੰਦੇ ਹਨ, ਪਰ ਜਦ ਉਸ ਨੇ ਇਸ ਤੋਂ ਇਨਕਾਰ ਕੀਤਾ ਤਾਂ ਉਸ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਪੀੜਤਾ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ, ਬੀਤੇ ਡੇਢ ਸਾਲ ਤੋਂ ਉਸ ਦੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਉਹ ਬੇਹਦ ਮੁਸ਼ਕਲ ਭਰੇ ਹਲਾਤਾਂ ਵਿੱਚ ਗੁਜ਼ਾਰਾ ਕਰ ਰਹੀ ਹੈ।ਉਸ ਦਾ ਸਹੁਰਾ ਗੁਰਦੀਪ ਸਿੰਘ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਉਸ ਨਾਲ ਬਦਸਲੂਕੀ ਕਰਦਾ ਹੈ। ਇਸ ਸਬੰਧੀ ਉਹ ਪੁਲਿਸ ਨੂੰ ਵੀ ਕਈ ਵਾਰ ਸ਼ਿਕਾਇਤ ਦੇ ਚੁੱਕੀ ਹੈ, ਪਰ ਪੁਲਿਸ ਇਨਸਾਫ ਦੀ ਬਜਾਏ ਉਸ 'ਤੇ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਹੀ ਹੈ।