ਸੰਗਰੂਰ : ਕਸਬਾ ਲਹਿਰਾਗਾਗਾ ਦੇ ਵਾਰਡ ਨੰ 1 'ਚ ਰਹਿਣ ਵਾਲੀ ਇੱਕ ਵਿਅਹੁਤਾ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਸ ਦੇ ਸਹੁਰੇ ਪਰਿਵਾਰ 'ਤੇ ਤੰਗ ਪਰੇਸ਼ਾਨ ਕਰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਲਾਏ ਹਨ।
ਮ੍ਰਿਤਕਾ ਦੀ ਪਛਾਣ 25 ਸਾਲਾ ਸਰਬਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਵਿੱਕੀ ਨੇ ਦੱਸਿਆ ਕਿ ਉਸ ਦੀ ਭੈਣ ਸਰਬਜੀਤ ਕੌਰ ਦਾ ਵਿਆਹ ਲਹਿਰਾਗਾਗਾ ਦੇ ਲਾਲੀ ਸਿੰਘ ਨਾਲ ਤਿੰਨ ਸਾਲ ਪਹਿਲਾਂ ਹੋਇਆ ਸੀ। ਉਸ ਦਾ ਢਾਈ ਸਾਲਾਂ ਦਾ ਬੇਟਾ ਵੀ ਹੈ। ਵਿੱਕੀ ਨੇ ਦੱਸਿਆ ਕਿ ਭੈਣ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਅਕਸਰ ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨਾਲ ਝਗੜਾ ਕਰਦਾ ਸੀ। ਜਿਸ ਦੇ ਚਲਦੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਈ।
ਸਹੁਰਿਆਂ ਤੋਂ ਤੰਗ ਵਿਆਹੁਤਾ ਨੇ ਫਾਹਾ ਲੈ ਕੀਤੀ ਖੁਦਕੁਸ਼ੀ ਵਿੱਕੀ ਮੁਤਾਬਕ ਬੀਤੇ ਦਿਨ ਵੀ ਉਸ ਦੇ ਜੀਜੇ ਤੇ ਭੈਣ ਵਿਚਾਲੇ ਲੜਾਈ ਹੋਈ, ਜਿਸ ਦੇ ਚਲਦੇ ਪਰੇਸ਼ਾਨ ਹੋ ਕੇ ਉਸ ਦੀ ਭੈਣ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਭੈਣ ਦੀ ਮੌਤ ਲਈ ਉਸ ਦੇ ਪਤੀ ਤੇ ਸੁਹਰੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਤੇ ਉਨ੍ਹਾਂ 'ਤੇ ਭੈਣ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਲਾਏ ਹਨ।
ਇਸ ਬਾਰੇ ਦੱਸਦੇ ਹੋਏ ਲਹਿਰਾਗਾਗਾ ਦੇ ਡੀਐਸਪੀ ਰਛਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 306 ਤਹਿਤ ਸ਼ਿਕਾਇਤ ਦਰਜ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।