ਬਰਨਾਲਾ : ਜ਼ਿਲ੍ਹੇ ਦੇ ਇੱਕ ਪਿੰਡ ਦੀ ਵਿਆਹੁਤਾ ਮਹਿਲਾ ਨੇ ਆਪਣੇ ਸੁਹਰਾ ਪਰਿਵਾਰ 'ਤੇ ਗੰਭੀਰ ਦੋਸ਼ ਲਾਏ ਹਨ। ਪੀੜਤ ਮਹਿਲਾ ਨੇ ਆਪਣੇ ਹੀ ਪਤੀ 'ਤੇ ਜਬਰ ਜਨਾਹ ਦੇ ਦੋਸ਼ ਲਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 10 ਸਾਲ ਬੀਤ ਚੁੱਕੇ ਹਨ। ਬੀਤੇ ਲੰਬੇ ਸਮੇਂ ਤੋਂ ਉਸ ਦਾ ਪਤੀ ਤੇ ਸੁਹਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਪੀੜਤਾ ਨੇ ਦੱਸਿਆ ਇਨ੍ਹਾਂ ਸਭ ਲੜਾਈ -ਝਗੜੀਆਂ ਲਈ ਉਸ ਦੀ ਨਣਦ ਜ਼ਿੰਮੇਵਾਰ ਹੈ। ਲਗਾਤਾਰ ਘਰੇਲੂ ਕਲੇਸ਼ ਤੇ ਝਗੜੇ ਦੇ ਚਲਦੇ ਉਹ ਆਪਣੇ ਪੇਕੇ ਚੱਲੀ ਜਾਂਦੀ ਸੀ, ਪਰ ਹੁਣ ਪੇਕੇ ਪਰਿਵਾਰ ਨੇ ਵੀ ਉਸ ਨੂੰ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਉਹ ਹੁਣ ਕਿਰਾਏ 'ਤੇ ਰਹਿੰਦੀ ਹੈ। ਇਸ ਸਬੰਧੀ ਉਹ ਕਈ ਵਾਰ ਪੁਲਿਸ ਕੋਲ ਸ਼ਿਕਾਇਤ ਕਰ ਚੁੱਕੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ। ਪੀੜਤਾ ਨੇ ਕਿਹਾ ਕਿ ਉਸ ਦੇ ਦੋ ਬੱਚੇ ਹਨ ਇਨ੍ਹਾਂ ਚੋਂ ਕੁੜੀ ਦੀ ਉਮਰ 8 ਸਾਲ ਤੇ ਪੁੱਤਰ ਦੀ ਉਮਰ 3 ਸਾਲ ਹੈ। ਸੋਮਵਾਰ ਤੋਂ ਬੱਚਿਆਂ ਦੇ ਸਕੂਲ ਸ਼ੁਰੂ ਹੋਣ ਵਾਲੇ ਸਨ, ਤੇ ਉਸ ਦੀ ਸੱਸ ਨੇ ਬੱਚਿਆਂ ਨੂੰ ਆਪਣੇ ਕੋਲ ਸੱਦ ਲਿਆ। ਕੁਝ ਸਮੇਂ ਬਾਅਦ ਉਸ ਨੂੰ ਪਿੰਡ ਚੋਂ ਕਿਸੇ ਦਾ ਫੋਨ ਆਇਆ ਕਿ ਉਸ ਦੇ ਸੁਹਰੇ ਪਰਿਵਾਰ ਵੱਲੋਂ ਬੱਚਿਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਜਦ ਉਹ ਸਹੁਰੇ ਪਰਿਵਾਰ ਪੁੱਜੀ ਤਾਂ ਬੱਚਿਆਂ ਨਾਲ ਕੁੱਟਮਾਰ ਕਰ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕੀਤਾ ਗਿਆ ਸੀ। ਬੱਚਿਆਂ ਦੀ ਕੀਤੀ ਕੁੱਟਮਾਰ ਦਾ ਵਿਰੋਧ ਕਰਦੇ ਹੋਏ ਜਦ ਉਸ ਨੇ ਬੱਚੇ ਨਾਲ ਲਿਜਾਣ ਦੀ ਗੱਲ ਕਹੀ ਤਾਂ ਉਸ ਦੀ ਨਣਦ ਨੇ ਭਰਾ ਤੇ ਪਿਤਾ ਨੂੰ ਫੋਨ ਕਰਕੇ ਘਰ ਬੁਲਾ ਲਿਆ।