ਫਾਜ਼ਿਲਕਾ: ਜਲਾਲਾਬਾਦ ਪੁਲਿਸ ਨੇ ਬੀਤੇ ਦਿਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ਾ ਤਸਕਰੀ ਕਰਨ ਵਾਲੇ 3 ਸਕੇ ਭਰਾਵਾਂ ਨੂੰ ਇੱਕ ਕਿੱਲੋ ਹੈਰੋਇਨ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ, ਜਿਨ੍ਹਾਂ ਕੋਲੋਂ ਜਾਂਚ ਦੌਰਾਨ ਨਿਸ਼ਾਨਦੇਹੀ 'ਤੇ ਅੱਜ 5 ਕਿੱਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਸੀਆਈਏ ਸਟਾਫ਼ ਫਾਜ਼ਿਲਕਾ ਦੇ ਹਵਾਲੇ ਕਰ ਦਿੱਤਾ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀ ਪੁਲਿਸ ਟੀਮ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ 3 ਸਕੇ ਭਰਾਵਾਂ ਕੋਲੋਂ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਸੀ।
ਜਲਾਲਾਬਾਦ ਪੁਲਿਸ ਨੇ 6 ਕਿੱਲੋ ਹੈਰੋਇਨ ਸਮੇਤ ਤਿੰਨ ਭਰਾ ਕੀਤੇ ਕਾਬੂ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲਿਆਂ ਕਿ ਉਨ੍ਹਾਂ ਨੇ 5 ਕਿਲੋ ਹੈਰੋਇਨ ਹੋਰ ਪਾਕਿਸਤਾਨ ਦੇ ਡੋਗਰ ਨਾਂਅ ਦੇ ਵਿਅਕਤੀ ਤੋਂ ਮੰਗਵਾਈ ਹੈ, ਜੋ ਭਾਰਤ ਵਾਲੇ ਪਾਸੇ ਪਈ ਹੈ। ਇਸ ਸਬੰਧੀ ਜਲਾਲਾਬਾਦ ਦੇ ਚੱਕ ਬੀਸੋਕੇ ਦੀ ਬੀਐੱਸਐੱਫ ਦੀ 2 ਬਟਾਲਿਅਨ ਨੂੰ ਇਸ ਸਬੰਧੀ ਜਾਣੂ ਕਰਵਾਇਆ ਤਾਂ ਉਨ੍ਹਾਂ ਸਾਂਝੇ ਆਪਰੇਸ਼ਨ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ 5 ਕਿਲੋ ਹੈਰੋਇਨ ਬਰਾਮਦ ਕੀਤੀ।
ਨਸ਼ਾ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਧਵਨ ਸਿੰਘ, ਹਰਜਿੰਦਰ ਸਿੰਘ, ਸਤਵਿੰਦਰ ਵਾਸੀ ਚੱਕ ਟਾਹਲੀ ਵਾਲਾ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮ ਸਕੇ ਭਰਾ ਹਨ ਤੇ ਨਸ਼ਾ ਤਸਕਰੀ ਕਰਦੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ਼ ਕਾਰਵਾਈ ਜਾਰੀ ਹੈ। ਪੁਲਿਸ ਹੁਣ ਤੱਕ ਮੁਲਜ਼ਮਾਂ ਕੋਲੋਂ 6 ਕਿੱਲੋ ਹੈਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕਰ ਚੁੱਕੀ ਹੈ।
ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ’ਚ ਦੋ ਭਰਾ ਹਰਜਿੰਦਰ ਸਿੰਘ ਤੇ ਸਤਵਿੰਦਰ ਸਿੰਘ ਫੌਜ ’ਚ ਭਰਤੀ ਹਨ, ਜੋ ਇਸ ਸਮੇਂ ਛੁੱਟੀ ਆਏ ਹੋਏ ਸਨ। ਜਿਨ੍ਹਾਂ ਨੂੰ ਕਾਬੂ ਕਰਕੇ ਕੋਰਟ ’ਚ ਪੇਸ਼ ਕੀਤਾ ਤਾਂ ਕੋਰਟ ਵੱਲੋਂ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਕਿ ਇਹ ਹੈਰੋਇਨ ਅੱਗੇ ਕਿਸ ਥਾਂ ਜਾਣੀ ਸੀ ਤੇ ਇਸ ਪਿਛੇ ਕਿਸ ਦਾ ਹੱਥ ਹੈ।