ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਪਿੰਡ ਮੈਲੀ ਦੇ ਬਾਹਰ ਔਰਤ ਦੇ ਪਹਿਲੇ ਪਤੀ ਨੇ ਦੂਸਰੇ ਪਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਲੋਕਾਂ ਨੇ ਇੱਕਠੇ ਹੋ ਕੇ ਤੁੰਰਤ ਕਾਤਲ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਥਾਣਾ ਚੱਬੇਵਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮੁਲਜ਼ਮ ਵਿਰੁੱਧ ਕਤਲ ਦਾ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਔਰਤ ਨੇ ਦੱਸਿਆ ਹੈ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ 5 ਬੱਚੇ ਹਨ। ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨੂੰ ਹਰ ਰੋਜ਼ ਮਾਰਦਾ ਕੁੱਟਦਾ ਹੁੰਦਾ ਸੀ, ਜਿਸ ਕਾਰਨ ਉਹ ਬਹੁਤ ਤੰਗ ਸੀ। ਉਸ ਨੇ ਦੱਸਿਆ ਕਿ 2 ਸਾਲ ਪਹਿਲਾਂ ਉਹ ਮਾਰ ਕੁੱਟ ਤੋਂ ਤੰਗ ਆ ਕੇ ਝਾਰਖੰਡ ਤੋਂ ਇੱਥੇ ਮੈਲੀ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਤੇ ਉਸ ਕੋਲ ਇੱਕ ਬੱਚਾ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਵੀ ਉਸ ਦੇ ਪਿੱਛੇ ਆ ਗਿਆ ਤੇ ਲੜਾਈ ਝਗੜਾ ਕਰਨ ਲੱਗ ਪਿਆ।