ਤਰਨਤਾਰਨ:ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਸਾਂਡਪੁਰਾ ਵਿਖੇ ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਮੌਜੂਦਾ ਸਰਪੰਚ ਦੇ ਘਰ ਵਿਚ ਦਾਖਲ ਹੋ ਕੇ ਪਿੰਡ ਸਾਂਡਪੁਰਾ ਦੇ ਹੀ ਰਹਿਣ ਵਾਲੇ ਅਕਾਲੀ ਵਰਕਰਾਂ ਨੇ ਇੱਟਾਂ ਰੋੜੇ ਅਤੇ ਗੋਲੀਆਂ ਚਲਾਈਆਂ। ਮੌਜੂਦਾ ਸਰਪੰਚ ਗੁਰਮੁਖ ਸਿੰਘ ਦੇ ਭਰਾ ਪਰਮਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਮੁਖ ਸਿੰਘ ਨੇ ਕਿਹਾ ਕਿ ਪਿੰਡ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਜੋ ਕਿ ਆਪਣੇ ਆਪ ਨੂੰ ਅਕਾਲੀ ਦਲ ਦਾ ਵਰਕਰ ਸਮਝਦਾ ਹੈ ਅਤੇ ਉਸ ਨੇ ਅਕਾਲੀ ਦਲ ਪਾਰਟੀ ਦਾ ਪ੍ਰੋਗਰਾਮ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ ਅਤੇ ਹਰਪ੍ਰੀਤ ਸਿੰਘ ਨੇ ਪਹਿਲਾਂ ਤਾਂ ਉਸ ਦੇ ਲੜਕੇ ਦਾ ਰਸਤਾ ਰੋਕ ਕੇ ਉਸ ਨੂੰ ਧਮਕੀਆਂ ਦਿੱਤੀਆਂ ਸਨ।
ਉਹਨਾਂ ਨੇ ਕਿਹਾ ਸੀ ਕਿ ਅਕਾਲੀ ਸਰਕਾਰ ਆਉਣ 'ਤੇ ਤੁਹਾਨੂੰ ਵੱਡੇ ਕਾਂਗਰਸੀਆਂ ਨੂੰ ਵੇਖ ਲਵਾਂਗੇ ਅਤੇ ਬਾਅਦ ਵਿਚ ਹਰਪ੍ਰੀਤ ਸਿੰਘ ਅਤੇ ਉਸਦੇ ਨਾਲ 40-45 ਅਣਪਛਾਤੇ ਵਿਅਕਤੀ ਆ ਕੇ ਉਸ ਦੀ ਹਵੇਲੀ ਵਿੱਚ ਬੈਠੇ ਹੋਏ ਉਸ ਦੇ ਭਰਾ ਅਤੇ ਉਸ ਦੇ ਲੜਕੇ ਨਾਲ ਆ ਕੇ ਕੁੱਟਮਾਰ ਕੀਤੀ।
ਇਸ ਦੌਰਾਨ ਹਰਪ੍ਰੀਤ ਸਿੰਘ ਨੇ ਉਸ ਦੇ ਘਰ ਵਿੱਚ ਇੱਟਾਂ ਰੋੜੇ ਅਤੇ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦਾ ਭਰਾ ਪਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਹੈ। ਸਰਪੰਚ ਗੁਰਮੁਖ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।