ਤਰਨਤਾਰਨ: ਨਸ਼ਿਆਂ ਦੇ ਵਗ ਰਹੇ ਦਰਿਆ ਵਿੱਚ ਰੋਜ਼ਾਨਾ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ ਅਜਿਹਾ ਹੀ ਮਾਮਲਾ ਸ਼ੁੱਕਰਵਾਰ ਨੂੰ ਪੱਟੀ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ 30 ਸਾਲਾਂ ਨੌਜਵਾਨ ਸਾਹਿਬ ਸਿੰਘ ਜੋ ਕਿ ਪਿਛਲੇ ਲਗਭਗ 11-12 ਸਾਲ ਤੋਂ ਨਸ਼ਾ ਕਰਦਾ ਆ ਰਿਹਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ
ਤਰਨਤਾਰਨ ਦੇ ਪੱਟੀ ਹਲਕੇ 'ਚ ਇੱਕ 30 ਸਾਲਾਂ ਨੌਜਵਾਨ ਸਾਹਿਬ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ 'ਤੇ ਜੰਮ ਕੇ ਆਪਣਾ ਗੁੱਸਾ ਕੱਢਿਆ।
ਇਸ ਬਾਰੇ ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ, ਪਰ ਸਰਕਾਰਾਂ ਕਹਿ ਰਹੀਆਂ ਹਨ ਕਿ ਨਸ਼ਾ ਖ਼ਤਮ ਹੋ ਗਿਆ। ਇਸ ਮੌਕੇ ਸਮਾਜ ਸੇਵੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰਕਾਰਾਂ ਦਾਅਵੇ ਬੜੇ ਕਰਦੀਆਂ ਹਨ ਪਰ ਹਕੀਕਤ ਕੁੱਝ ਹੋਰ ਹੈ ਕਿ ਅੱਜ ਤੱਕ ਸਰਕਾਰ ਨੇ ਨਸ਼ੇ ਦਾ ਕੋਈ ਵੱਡਾ ਸੌਦਾਗਰ ਨਹੀਂ ਫੜਿਆ ਅਤੇ ਨਾ ਹੀ ਉਨ੍ਹਾਂ ਦੀਆਂ ਜਾਇਦਾਦ ਕੁਰਕ ਕੀਤੀ ਜਾ ਰਹੀ ਹੈ।
ਮੁਖਤਿਆਰ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਨਸ਼ਾ ਸਮਗਲਰਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਨਸ਼ਾ ਪੀੜਿਤ ਪਰਿਵਾਰਾਂ ਨੂੰ 10 ਲੱਖ ਦੀ ਮਾਲੀ ਸਹਾਇਤਾ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਉਹ ਸਨਿੱਚਰਵਾਰ ਨੂੰ ਪੱਟੀ ਵਿੱਚ ਰੋਸ ਮਾਰਚ ਕੱਢ ਕੇ ਇੱਕ ਮੈਮੋਰੈਂਡਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਣਗੇ। ਮੌਕੇ 'ਤੇ ਪੁੱਜੀ ਥਾਣਾ ਪੱਟੀ ਪੁਲਿਸ ਦੇ ਐੱਸਐੱਚਓ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਪੇਟ ਦਰਦ ਕਾਰਨ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰ ਰਹੀ ਹੈ।