ਤਰਨ ਤਾਰਨ: ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਵੇਖਣ ਵਾਲਿਆਂ ਦੀਆਂ ਰੂਹਾਂ ਕੰਬ ਜਾਣ। ਇਸ ਧਮਾਕੇ 'ਚ 11 ਸਾਲਾ ਗੁਰਪ੍ਰੀਤ ਸਿੰਘ ਤੇ 12 ਸਾਲਾ ਮਨਪ੍ਰੀਤ ਸਿੰਘ ਮਾਰੇ ਗਏ। ਆਪਣੇ ਬੱਚਿਆਂ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਕਿਵੇਂ ਹੋਇਆ ਸੀ ਧਮਾਕਾ
ਜ਼ਿਕਰਯੋਗ ਹੈ ਕਿ ਤਰਨ ਤਾਰਨ ਦੇ ਪਿੰਡ ਡਾਲੇਕੇ ਨੇੜੇ ਸ਼ਨੀਵਾਰ ਨੂੰ ਨਿਕਲੇ ਇੱਕ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ ਵਾਪਰਿਆ। ਸ਼ਹਿਰ ਦੇ ਪਿੰਡ ਪਹੂ ਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੂੰ ਜਾ ਰਹੇ ਨਗਰ ਕੀਰਤਨ 'ਚ ਪਿੰਡ ਡਾਲੇਕੇ ਨੇੜੇ ਪਟਾਕੇ ਚਲਾਉਂਦੇ ਸਮੇਂ ਅਚਾਨਕ ਟਰਾਲੀ 'ਚ ਪਏ ਪਟਾਕਿਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਅਤੇ 14-15 ਦੀ ਮੌਤ ਹੋ ਗਈ। ਹਾਦਸੇ 'ਚ ਕਈ ਜ਼ਖ਼ਮੀ ਹਨ।
ਤਰਨ ਤਾਰਨ ਪੁਲਿਸ ਨੇ ਦਿੱਤੀ ਜਾਣਕਾਰੀ
ਇਸ ਮੌਕੇ ਐਸਐਸਪੀ ਨੇ ਦੱਸਿਆ ਕਿ ਟਰਾਲੀ 'ਚ ਸਵਾਰ 17-18 ਨੌਜਵਾਨ ਪਟਾਕੇ ਵਜਾਉਂਦੇ ਆ ਰਹੇ ਸਨ। ਇਸ ਦੌਰਾਨ ਟਰਾਲੀ 'ਚ ਪਏ ਪਟਾਕਿਆਂ ਦੇ ਬਾਰੂਦ ਨੂੰ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਟਰਾਲੀ ਦੇ ਪਰਖੱਚੇ ਉੱਡ ਗਏ। ਟਰਾਲੀ 'ਚ ਸਵਾਰ 11 ਲੋਕ ਜ਼ਖਮੀ ਹਨ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ ਪਰ ਜ਼ਖ਼ਮੀ ਨੌਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਕੈਪਟਨ ਨੇ ਦਿੱਤੇ ਮੈਜਿਸਟ੍ਰੇਟ ਜਾਂਚ ਦੇ ਹੁਕਮ
ਹਾਦਸੇ ਉੱਤੇ ਦੁੱਖ ਜਤਾਉਂਦਿਆਂ ਮੁੱਖ ਮੰਤਰੀ ਨੇ ਮਰਨ ਵਾਲਿਆਂ ਲਈ 5 ਲੱਖ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਨੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ। ਮੁੱਖ ਮੰਤਰੀ ਨੇ ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਸਾਰੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਏ ਅਤੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨੀ ਕਟਿਹਰੇ ਵਿੱਚ ਖੜਾ ਕੀਤਾ ਜਾਏ।
ਉਨ੍ਹਾਂ ਨੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਜ਼ਖਮੀਆਂ ਦੇ ਇਲਾਜ ਅਤੇ ਹਰ ਸੰਭਵ ਇਮਦਾਦ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਮ੍ਰਿਤਕਾਂ ਦੇ ਪੋਸਟ-ਮਾਰਟਮ ਜਲਦੀ ਕਰਾਏ ਜਾਣ ਲਈ ਵੀ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ।
ਕਾਹਲੀ ਵਿੱਚ ਕੀਤੀ ਵੱਡੀ ਗਲਤੀ
ਪਹਿਲਾਂ ਕਾਹਲੀ ਕਾਹਲੀ ਵਿੱਚ ਇਲਾਕੇ ਦੇ ਪੁਲਿਸ ਕਪਤਾਨ ਨੇ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਦੱਸ ਦਿੱਤੀ, ਜਿਸ ਨਾਲ ਪੂਰੇ ਸੂਬੇ ਵਿੱਚ ਸਰਕਾਰ ਪ੍ਰਤੀ ਗੁੱਸੇ 'ਤੇ ਸ਼ੋਕ ਦੀ ਲਹਿਰ ਦੌੜ ਗਈ। ਸਰਕਾਰ ਦੀ ਲੋਕਾਂ ਦੇ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਪ੍ਰਤੀ ਬਹੁਤ ਲਾਪ੍ਰਵਾਹੀ ਵਾਲੀ ਪਹੁੰਚ ਕਾਰਨ ਕਿੰਨੀਆਂ ਹੀ ਜਾਨਾਂ ਅਜਾਈਂ ਜਾ ਚੁੱਕੀਆਂ ਹਨ, ਪਹਿਲਾਂ ਗੁਰਦਾਸਪੁਰ ਹੁਣ ਤਰਨ ਤਾਰਨ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੁਸਹਿਰਾ ਹਾਦਸਾ ਸਰਕਾਰ ਬਾਰੇ ਆਪ ਮੁਹਾਰੇ ਕਿੰਨਾ ਕੁਝ ਬੋਲ ਰਹੇ ਨੇ।