ਤਰਨਤਾਰਨ :ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਹਰ ਵਿੱਚ ਸਮੈਕ ਦਾ ਧੰਦਾ ਜ਼ੋਰਾ-ਸ਼ੋਰਾ ਉੱਤੇ ਚੱਲ ਰਿਹਾ ਹੈ ਅਤੇ ਨਸ਼ੇ ਦਾ ਇਹ ਧੰਦਾ ਕਰਨ ਵਾਲੇ ਸ਼ਰ੍ਹੇਆਮ ਸਾਰਾ ਦਿਨ ਪਿੰਡ ਵਿੱਚ ਸਮੈਕ ਵੇਚਦੇ ਰਹਿੰਦੇ ਹਨ। ਥਾਣਾ ਭਿੱਖੀਵਿੰਡ ਦੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਣ ਕਰਕੇ ਨਸ਼ਾ ਤਸਕਰਾਂ ਦੇ ਹੋਸਲੇ ਬੁਲੰਦ ਹਨ।
ਪਿੰਡ ਵਿੱਚ ਸ਼ਰੇਆਮ ਨਸ਼ਾ ਤਸਕਰੀ ਕਰਨ ਦੀ ਤਾਜ਼ਾ ਮਿਸਾਲ ਪਿੰਡ ਬਲੇਹਰ ਤੋਂ ਸਾਹਮਣੇ ਆਉਂਦੀ ਹੈ। ਜਿੱਥੇ ਹਰਜੀਤ ਸਿੰਘ ਨਾਮਕ ਨੌਜਵਾਨ ਵੱਲੋਂ ਆਪਣੇ ਹੀ ਘਰ ਦੇ ਬਾਥਰੂਮ ਵਿੱਚ ਸਮੈਕ ਦਾ ਟੀਕਾ ਲਾਉਣ ਤੇ ਬੇਹੋਸ਼ ਪਏ ਨੂੰ ਉਸ ਦੇ ਪਰਿਵਾਰ ਵੱਲੋਂ ਡਾਕਟਰ ਕੋਲ ਲਿਜਾ ਕੇ ਬਚਾ ਲਿਆ ਲੈਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਸਮੈਕ ਵਿਕਰੇਤਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਹੁੰਚੇ ਹਰਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਉਸ ਦੇ ਪਿਤਾ ਬਲਦੇਵ ਸਿੰਘ ਅਤੇ ਪਿੰਡ ਵਾਸੀ ਸੁੱਚਾ ਸਿੰਘ, ਨੇ ਦੱਸਿਆ ਕਿ ਹਰਜੀਤ ਸਿੰਘ, ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਹੈ।
ਜਿਸ ਦਾ ਉਹਨਾਂ ਵੱਲੋਂ ਕਈ ਵਾਰ ਇਲਾਜ ਕਰਵਾਇਆ ਪਰ ਫਿਰ ਜਦੋਂ ਤਕ ਸਾਡੇ ਪਿੰਡ ਸ਼ਰੇਆਮ ਨਸ਼ਾ ਵਿਕਦਾ ਹੈ ਤਾਂ ਉਹ ਫਿਰ ਨਸ਼ਾ ਕਰਨ ਲੱਗ ਜਾਂਦਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਹਰਜੀਤ ਸਿੰਘ ਨੂੰ ਕਿਸੇ ਕੰਮ ਲਈ ਲੱਭ ਰਹੇ ਸੀ ਤਾਂ ਜਦੋਂ ਕਿਤੇ ਨਾ ਲੱਭਾ ਤਾਂ ਅਸੀਂ ਵੇਖਿਆ ਕਿ ਬਾਥਰੂਮ ਦਾ ਬੂਹਾ ਬੰਦ ਹੈ, ਜਦੋਂ ਬੂਹਾ ਖੜਕਾਇਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ। ਜਿਸ 'ਤੇ ਅਸੀਂ ਆਸੇ-ਪਾਸੇ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਬਾਥਰੂਮ ਦੀ ਕੁੰਡੀ ਤੋੜ ਦਿੱਤੀ ਅਤੇ ਦੇਖਿਆ ਕਿ ਅੰਦਰ ਹਰਜੀਤ ਸਿੰਘ ਅੱਧ ਮਰਿਆ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਜਿਸ ਨੇ ਨਸ਼ੇ ਦਾ ਟੀਕਾ ਲਾਇਆ ਹੋਇਆ ਸੀ।