ਤਰਨਤਾਰਨ:ਕਹਿੰਦੇ ਹਨ ਕਿ ਜਦੋਂ ਗ਼ਰੀਬੀ ਦਾ ਕਹਿਰ ਘਰਾਂ ਦੇ ਉੱਤੇ ਟੁੱਟਦਾ ਹੈ, ਤਾਂ ਵੱਡੀਆਂ ਵੱਡੀਆਂ ਕੰਧਾਂ ਤੱਕ ਹਿੱਲ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ, ਜਿਥੇ ਕਿ ਇੱਕ ਬਜ਼ੁਰਗ ਆਪਣੇ ਘਰ ਦੀ ਰੋਟੀ ਕਮਾਉਣ ਵਾਸਤੇ ਦਿਹਾੜੀ ਕਰਨ ਲਈ ਗਿਆ ਹੋਇਆ ਸੀ, ਰਸਤੇ ਵਿੱਚ ਉਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਬਜ਼ੁਰਗ ਦੀਆਂ ਦੋਵੇਂ ਲੱਤਾਂ ਚੂਰ ਚੂਰ ਹੋ ਗਈਆਂ, ਜਿਸ ਤੋਂ ਬਾਅਦ ਲੋਕਾਂ ਨੇ ਇਸ ਬਜ਼ੁਰਗ ਨੂੰ ਚੁੱਕ ਕੇ ਹਸਪਤਾਲ ਤਾਂ ਭੇਜ ਦਿੱਤਾ। ਪਰ ਡਾਕਟਰਾਂ ਨੇ ਇਸ ਦੀਆਂ ਲੱਤਾਂ ਵਿੱਚ ਸਰੀਆ ਪਾ ਕੇ ਉਸ ਨੂੰ ਵਾਪਸ ਘਰ ਭੇਜ ਦਿੱਤਾ ਅਤੇ ਉਦੋਂ ਤੋਂ ਹੀ ਇਹ ਬਜ਼ੁਰਗ ਵਿਅਕਤੀ ਇਲਾਜ ਪੱਖੋਂ ਮੰਜੇ 'ਤੇ ਤੜਫ਼ ਰਿਹਾ ਹੈ।
ਰੋ ਰੋ ਕੇ ਸਮਾਜ ਸੇਵੀਆਂ ਨੂੰ ਲਾਈ ਗੁਹਾਰ
ਉਹਨਾਂ ਨੇ ਰੋ ਰੋ ਕੇ ਸਮਾਜ ਸੇਵੀਆਂ ਨੂੰ ਗੁਹਾਰ ਲਾਈ ਹੈ ਕਿ ਉਸ ਦਾ ਇਲਾਜ ਹੀ ਕਰਵਾ ਦਿਉ, ਉਹ ਆਪਣੀ ਦੋ ਵਕਤ ਦੀ ਰੋਟੀ ਕਮਾਉਣ ਜੋਗਾ ਹੋ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਪਰਿਵਾਰ ਦਾ ਪੇਟ ਪਾਲਣ ਦੀ ਖਾਤਰ ਦਿਹਾੜੀ ਕਰਨ ਲਈ ਜਾ ਰਿਹਾ ਸੀ, ਜਦ ਉਹ ਪੱਟੀ ਤੋਂ ਘਰਿਆਲੇ ਨੂੰ ਜਾ ਰਿਹਾ ਸੀ ਤਾਂ ਇੱਕ ਟਰੱਕ ਆਇਆ, ਜਿਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਟੱਕਰ ਦੌਰਾਨ ਉਸ ਦੀਆਂ ਦੋਨੋਂ ਲੱਤਾਂ ਟਰੱਕ ਦੇ ਥੱਲੇ ਆ ਗਈਆਂ ਅਤੇ ਉਸ ਦੀਆਂ ਲੱਤਾਂ ਚੂਰ ਚੂਰ ਹੋ ਗਈਆਂ।
ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਕੋਲ ਜੋ ਕੁਝ ਹੈ ਸੀ ਉਹ ਸਾਰਾ ਕੁਝ ਵੇਖ ਕੇ ਉਸ ਨੇ ਆਪਣੀਆਂ ਲੱਤਾਂ ਦਾ ਕੁਝ ਇਲਾਜ ਕਰਵਾਇਆ ਅਤੇ ਕੁਝ ਲੋਕਾਂ ਨੇ ਉਗਰਾਹੀ ਕਰਕੇ ਉਸ ਦਾ ਇਲਾਜ ਕਰਵਾ ਕੇ ਉਸ ਦੀਆਂ ਦੋਵਾਂ ਲੱਤਾਂ ਵਿੱਚ ਸਰੀਏ ਪਵਾ ਦਿੱਤੇ, ਪਰ ਇਨ੍ਹਾਂ ਸਾਰੀਆਂ ਨੂੰ ਘਟਾਉਣ ਲਈ ਹੁਣ ਉਸ ਕੋਲ ਇੱਕ ਵੀ ਰੁਪਈਆ ਨਹੀਂ ਹੈ।