ਤਰਨਤਾਰਨ:ਪੰਜਾਬ ਦੇ ਜਿਆਦਾਤਰ ਨੌਜਵਾਨ ਰੁਜ਼ਗਾਰ ਦੀ ਭਾਲ ਅਤੇ ਸੁਨਹਿਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦੇ ਚਾਹਵਾਨ ਹਨ। ਵਿਦੇਸ਼ ਜਾ ਕੇ ਸੁਨਿਹਰੇ ਭਵਿੱਖ ਦੀ ਇੱਛਾ ਕਿਸੇ ਕਿਸੇ ਨੌਜਵਾਨ ਦੀ ਪੂਰੀ ਹੁੰਦੀ ਹੈ। ਦੱਸ ਦਈਏ ਕਿ ਤਰਨਤਾਰਨ ਦੇ ਪਿੰਡ ਬਾਣੀਆ ਵਿਖੇ ਇੱਕ ਨੌਜਵਾਨ ਵਿਦੇਸ਼ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਨੌਜਵਾਨ ਦੇ ਮਾਂ ਪਿਓ ਆਪਣੇ ਪੁੱਤ ਨੂੰ ਮਿਲਣ ਦੇ ਲਈ ਵਿਦੇਸ਼ ਗਏ ਸੀ ਪਰ ਹੁਣ ਉਨ੍ਹਾਂ ਨੂੰ ਆਪਣੇ ਪੁੱਤ ਦੀ ਲਾਸ਼ ਲੈ ਕੇ ਵਾਪਸ ਆਉਣਾ ਪਵੇਗਾ।
ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਲ 2016 ਵਿੱਚ ਸਟੱਡੀ ਬੇਸ ’ਤੇ ਉਹ ਕੈਨੇਡਾ ਗਿਆ ਸੀ। ਪਰ ਅਚਾਨਕ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ। ਕੁਝ ਸਮੇਂ ਪਹਿਲਾਂ ਬੇਟੇ ਨਵਰੂਪ ਜੌਹਲ ਨੂੰ ਮਿਲਣ ਦੇ ਲਈ ਉਸਦੇ ਪਿਤਾ ਏਐਸਆਈ ਸਤਨਾਮ ਸਿੰਘ ਬਾਵਾ ਅਤੇ ਮਾਂ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸੀ। ਸ਼ਨਿੱਚਰਵਾਰ ਨੂੰ ਅਚਾਨਕ ਪਿਤਾ ਸਤਨਾਮ ਸਿੰਘ ਬਾਵਾ ਨੇ ਆਪਣੀ ਲੜਕੀ ਨਵਦੀਪ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਹੁਣ ਤੁਹਾਡਾ ਭਾਈ ਨਵਰੂਪ ਜੌਹਲ ਇਸ ਦੁਨੀਆ ਵਿੱਚ ਨਹੀਂ ਰਿਹਾ।