ਤਰਨ ਤਾਰਨ: ਦੇਸ਼ ਭਰ ਵਿੱਚ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਕਿਸਾਨ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਹੁਣ ਸਿਆਸੀ ਪਾਰਟੀਆਂ ਦੇ ਲੋਕ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਲੱਗੇ ਹਨ। ਜਿਥੇ ਇੱਕ ਪਾਸੇ ਕਿਸਾਨ ਆਪਣੇ ਹੱਕਾਂ ਲਈ ਵੱਡੇ ਪੱਧਰ 'ਤੇ ਆਰ-ਪਾਰ ਦੀ ਲੜਾਈ ਲੜ ਰਹੇ ਹਨ, ਉਥੇ ਹੀ ਦੂਜੇ ਪਾਸੇ ਹੁਣ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਹੱਕ 'ਚ ਸਮਰਥਨ ਕਰ ਰਹੀਆਂ ਹਨ।
ਇਸੇ ਕੜੀ 'ਚ ਹਲਕਾ ਖੇਮਕਰਨ ਵਿੱਚ ਕਈ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਦੇ ਚਲਦੇ ਖੇਮਕਰਨ ਦੇ ਕਸਬਾ ਅਲਗੋਂ ਕੋਠੀ ,ਨਵਾਂ ਪਿੰਡ, ਵਾੜਾ ਤੇਲੀਆਂ ,ਕਲਸੀਆਂ ਆਦਿ ਹੋਰਨਾਂ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨੇ ਇਕੱਤਰ ਹੋ ਕੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ। ਉਨ੍ਹਾਂ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦੇ ਹੱਕ 'ਚ ਨਿੱਤਰੇ ਅਕਾਲੀ ਆਗੂ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਕੇਂਦਰੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਬਿਨਾਂ ਵਿਚਾਰ ਵਟਾਂਦਰਾ ਕੀਤੇ ਹੀ ਇਹ ਖੇਤੀ ਆਰਡੀਨੈਂਸ ਪਾਸ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇੰਝ ਖੇਤੀ ਆਰਡੀਨੈਂਸ ਪਾਸ ਕਰਨਾ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਉੱਤੇ ਡਾਕਾ ਹੈ। ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਹੈ ਤੇ ਹਮੇਸ਼ਾਂ ਤੋਂ ਹੀ ਕਿਸਾਨਾਂ ਦੇ ਹੱਕ 'ਚ ਖੜ੍ਹੀ ਰਹੇਗੀ।
ਸੁਖਵਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਬੇਸ਼ਕ ਸ਼੍ਰੋਮਣੀ ਅਕਾਲੀ ਦਲ 'ਤੇ ਕਈ ਇਲਜ਼ਾਮ ਲਾਏ ਜਾ ਰਹੇ ਹਨ, ਪਰ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਅਕਾਲੀ ਦਲ ਨੇ ਲੋਕ ਸਭਾ 'ਚ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਸੀ, ਪਰ ਕੇਂਦਰ ਸਰਕਾਰ ਵੱਲੋਂ ਜਬਰੀ ਇਸ ਨੂੰ ਪਾਸ ਕਰ ਦੇਣ ਦੇ ਰੋਸ 'ਚ ਹਰਸਿਮਰਤ ਕੌਰ ਨੇ ਕੇਂਦਰ ਕੈਬਿਨੇਟ ਚੋਂ ਅਸਤੀਫਾ ਦੇ ਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਪੰਜਾਬ ਅੰਦਰ ਗੱਠਜੋੜ ਹੈ, ਪਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਉਹ ਗੁਰੇਜ਼ ਨਹੀਂ ਕਰਨਗੇ। ਇਥੋਂ ਤੱਕ ਕਿ ਜੇਕਰ ਉਨ੍ਹਾਂ ਦਿੱਲੀ 'ਚ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਪਿਆ ਤਾਂ ਅਕਾਲੀ ਦਲ ਦੇ ਆਗੂ ਇਸ ਤੋਂ ਪਿਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰਦਾ ਹੈ।