ਤਰਨ ਤਾਰਨ: ਭਾਰਤ-ਪਾਕਿ ਸਰਹੱਦ ਉੱਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਨਾਰਕੋਟਿਕਸ ਕੰਟ੍ਰੋਲ ਬਿਊਰੋ (ਐਨਸੀਬੀ) ਦੇ ਨਾਲ ਚਲਾਏ ਗਏ ਸਾਂਝੇ ਅਭਿਆਨ ਦੌਰਾਨ ਖਾਲੜਾ ਬਾਰਡਰ ਤੋਂ 14 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਹ ਖੇਪ ਪਾਕਿਸਤਾਨ ਦੇ ਤਸਕਰਾਂ ਨਾਲ ਹੋਈ ਗੋਲੀਬਾਰੀ ਤੋਂ ਬਾਅਦ ਬਰਾਮਦ ਕੀਤੀ ਗਈ। ਗੋਲਾਬਾਰੀ 'ਚ ਇੱਕ ਪਾਕਿ ਘੁਸਪੈਠੀਆ ਵੀ ਢੇਰ ਹੋ ਗਿਆ। ਉਸ ਦੇ ਬਾਕੀ ਸਾਥੀ ਵਾਪਸ ਪਾਕਿਸਤਾਨ ਫ਼ਰਾਰ ਹੋ ਗਏ।
ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਤੇ ਐਨਸੀਬੀ ਅੰਮ੍ਰਿਤਸਰ ਦੀ ਟੀਮ ਵੱਲੋਂ ਸ਼ੁੱਕਰਵਾਰ ਦੀ ਰਾਤ ਇੱਕ ਸਾਂਝਾ ਅਭਿਆਨ ਚਲਾਇਆ ਜਾ ਰਿਹਾ ਸੀ। ਐਨਸੀਬੀ ਨੂੰ ਗੁਪਤ ਸੂਚਨਾ ਮਿਲੀ ਸੀ ਪਾਕਿਤਾਨ ਵੱਲੋਂ ਹੈਰੋਇਨ ਦੀ ਵੱਡੀ ਖੇਪ ਭਾਰਤ ਭੇਜੀ ਜਾ ਰਹੀ ਹੈ। ਸੈਕਟਰ ਖਾਲੜਾ ਸਥਿਤ ਬੁਰਜੀ ਨੰਬਰ 130-2 ਦੇ ਕੋਲ ਸਵੇਰੇ ਸਾਢੇ ਚਾਰ ਵਜੇ ਪਾਕਿ ਪਾਸਿਉਂ ਹਰਕਤ ਵੇਖੀ ਗਈ।
ਇਸ ਬਾਰੇ ਦੱਸਦੇ ਹੋਏ ਬੀਐਸਐਫ ਦੇ ਡੀਆਈਜੀ ਸੁਰਿੰਦਰ ਮਹਿਤਾ ਨੇ ਦੱਸਿਆ ਕਿ ਪਾਕਿ ਪਾਸਿਉਂ ਹਰਕਤ ਹੋਣ ਮਗਰੋਂ ਭਾਰਤੀ ਖ਼ੇਤਰ 'ਚ ਦਾਖਲ ਹੋ ਰਹੇ 4 ਤਸਕਰਾਂ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਗਈ। ਉਨ੍ਹਾਂ ਵੱਲੋਂ ਬੀਐਸਐਫ ਦੇ ਜਵਾਨਾਂ ਉੱਤੇਗੋਲੀਬਾਰੀ ਸ਼ੁਰੂ ਕਰ ਦਿੱਤੀ, ਇਸ ਦੀ ਜਵਾਬੀ ਕਾਰਵਾਈ 'ਚ ਬੀਐਸਐਫ ਦੇ ਜਵਾਨਾਂ ਨੇ ਵੀ ਗੋਲਾਬਾਰੀ ਕੀਤੀ। ਇਸ ਦੌਰਾਨ ਇੱਕ ਪਾਕਿ ਘੁਸਪੈਠਿਆ ਮਾਰਿਆ ਗਿਆ ਤੇ ਉਸ ਦੇ ਬਾਕੀ ਸਾਥੀ ਪਾਕਿਸਤਾਨ ਫਰਾਰ ਹੋ ਗਏ।