ਤਰਨਤਾਰਨ:ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਅਮਰਕੋਟ ਤੋਂ ਇੱਕ ਦਿਲ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਗ਼ਰੀਬੀ ਅਤੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਏ ਘਰ ਦੇ ਮੁਖੀਆ ਦੇ ਮੰਜੇ ਉੱਤੇ ਪੈਣ ਤੋਂ ਬਾਅਦ ਉਸ ਦਾ ਪਰਿਵਾਰ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਬਾਅਦ ਮੰਜੇ ਉੱਤੇ ਪਏ ਘਰ ਦੇ ਮੁਖੀਆ ਦੀ ਪਤਨੀ ਰਣਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਨੂੰ ਬਹੁਤ ਜ਼ਿਆਦਾ ਸ਼ੂਗਰ ਦੀ ਬੀਮਾਰੀ ਹੋ ਗਈ ਅਤੇ ਉਸ ਕਾਰਨ ਉਸ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਚਲੀ ਗਈ। ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾਉਂਦੇ-ਕਰਵਾਉਂਦੇ ਉਨ੍ਹਾਂ ਦਾ ਘਰ ਤਕ ਵਿਕ ਗਿਆ ਅਤੇ ਹੁਣ ਉਹ ਵੀ ਮੰਜੇ ਉੱਤੇ ਹੈ।
ਪੀੜਤ ਔਰਤ ਨੇ ਦੱਸਿਆ ਕਿ ਨਾ ਤਾਂ ਹੁਣ ਉਨ੍ਹਾਂ ਦਾ ਆਪਣਾ ਕੋਈ ਘਰ ਹੈ ਅਤੇ ਨਾ ਹੀ ਦੋ ਵਕਤ ਦੀ ਰੋਟੀ ਦਾ ਕੋਈ ਸਾਧਨ ਹੈ। ਪੀੜਤ ਔਰਤ ਨੇ ਕਿਹਾ ਕਿ ਉਸ ਦੀਆਂ ਦੋ ਧੀਆਂ ਹਨ। ਜਿਨ੍ਹਾਂ ਨੂੰ ਉਹ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਪੀੜਤ ਔਰਤ ਨੇ ਦੱਸਿਆ ਕਿ ਤਰਸ ਦੇ ਆਧਾਰ ਉੱਤੇ ਭੱਠੇ ਦੇ ਮਾਲਕ ਵੱਲੋਂ ਭੱਠੇ ਵਿੱਚ ਬਣੀਆਂ ਕੱਚੀਆਂ ਝੁੱਗੀਆਂ ਵਿੱਚ ਉਨ੍ਹਾਂ ਨੂੰ ਰਹਿਣ ਲਈ ਥਾਂ ਦਿੱਤੀ ਹੋਈ ਹੈ ਪਰ ਉਸ ਵਿੱਚ ਨਾ ਕੋਈ ਗੁਸਲਖਾਨਾ ਹੈ ਅਤੇ ਨਾ ਹੀ ਬਿਜਲੀ ਆਉਂਦੀ ਹੈ।