ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਸਰਹੱਦੀ ਪਿੰਡਾਂ ’ਚ ਆਏ ਦਿਨ ਪਾਕਿਸਤਾਨ ਦੀ ਕੋਈ ਨਾ ਕੋਈ ਹਰਕਤ ਸੁਣਨ ਅਤੇ ਵੇਖਣ ਨੂੰ ਮਿਲਦੀ ਰਹਿੰਦੀ ਹੈ। ਜ਼ਿਲ੍ਹੇ ’ਚ ਸਰਹੱਦੀ ਪਿੰਡ ਸਕੱਤਰਾਂ ਵਿਖੇ ਤੜਕਸਾਰ ਪਾਕਿਸਤਾਨੀ ਝੰਡਾ ਦਰੱਖਤ ਨਾਲ ਟੰਗਿਆ ਹੋਇਆ ਮਿਲਿਆ। ਜਿਸ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਲੋਕਾਂ ਵੱਲੋਂ ਟਾਹਲੀ ਦੇ ਰੁੱਖ ’ਤੇ ਬੰਨ੍ਹੇ ਗਏ ਝੰਡੇ ਨੂੰ ਦੇਖਿਆ ਗਿਆ। ਜਿਸ ਦੀ ਇਤਲਾਹ ਉਨ੍ਹਾਂ ਵੱਲੋਂ ਤੁਰੰਤ ਥਾਣਾ ਵਲਟੋਹਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਪਾਕਿਸਤਾਨੀ ਝੰਡੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਇਸ ਝੰਡੇ ਦਾ ਰੰਗ ਲਾਲ, ਹਰਾ ਅਤੇ ਸਫੈਦ ਹੈ। ਝੰਡੇ ਦੇ ਉੱਪਰ ਚੰਨ ਦਾ ਨਿਸ਼ਾਨ ਬਣਿਆ ਹੋਇਆ ਹੈ।ਇਸ ਝੰਡੇ ’ਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਹੈ, ਜੋ ਪਿੰਡ ਦੇ ਲੋਕਾਂ ਲਈ ਉਲਝਣ ਬਣਿਆ ਹੋਇਆ ਹੈ।ਪਿੰਡ ਸਕੱਤਰਾਂ ਦੇ ਲੋਕ ਨਹੀਂ ਜਾਣਦੇ ਕਿ ਇਹ ਝੰਡਾ ਕਿੱਥੋਂ ਆਇਆ ਅਤੇ ਇੱਥੇ ਇਸ ਨੂੰ ਕਿਸ ਨੇ ਬੰਨ੍ਹਿਆ ਹੈ। ਉਰਦੂ ’ਚ ਲਿਖੇ ਗਏ ਸ਼ਬਦ ਕੀ ਹਨ? ਪਿੰਡ ਸਕੱਤਰਾਂ ਦੇ ਕੁਝ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦੋ ਦਿਨ ਤੋਂ ਇਹ ਝੰਡਾ ਇਸ ਟਾਹਲੀ ’ਤੇ ਦਿਖਾਈ ਦੇ ਰਿਹਾ ਹੈ। ਇਸ ’ਤੇ ਨਾ ਬੀ.ਐੱਸ.ਐੱਫ. ਅਤੇ ਨਾ ਹੀ ਕਿਸੇ ਪੁਲਸ ਅਧਿਕਾਰੀ ਦਾ ਕੋਈ ਧਿਆਨ ਗਿਆ ਹੈ।