ਤਰਨਤਾਰਨ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਜ਼ਿਲ੍ਹੇ ਵਿੱਚ 17 ਸਾਲਾ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਇਨੋਵਾ ਕਾਰ ਹੇਠਾ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਵਾਰਦਾਤ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵੇ ਨੌਜਵਾਨ ਚਚੇਰੇ ਭਰਾ ਦੱਸੇ ਜਾ ਰਹੇ ਹਨ।
ਤਰਨਤਾਰਨ 'ਚ ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਚਚੇਰੇ ਭਰਾਵਾਂ ਨੂੰ ਇਨੋਵਾ ਕਾਰ ਹੇਠ ਦਰੜਿਆ - ਤਰਨ ਤਾਰਨ
ਤਰਨ ਤਾਰਨ 'ਚ ਪ੍ਰੇਮ ਸਬੰਧਾਂ ਦੇ ਸ਼ੱਕ 'ਚ 17 ਸਾਲਾ ਦੋ ਨੋਜਵਾਨਾਂ ਨੂੰ ਇਨੋਵਾ ਗੱਡੀ ਹੇਠ ਦਰੜ ਦਿੱਤਾ ਗਿਆ ਹੈ। ਇਸ ਘਟਨਾ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦ ਕਿ ਦੂਜਾ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਭੂਰਾ ਕੋਹਨਾਂ ਦੀਆਂ ਦੋ ਮਹਿਲਾਵਾਂ ਮਾਣੋ ਉਰਫ਼ ਨਿੰਦਰ ਕੌਰ ਜਿਹੜੀ ਪਿੰਡ ਮਨਾਵਾਂ ਵਿਆਹੀ ਹੈ ਤੇ ਉਸ ਦੀ ਭੈਣ ਅਮਰਜੀਤ ਕੌਰ ਪੱਟੀ ਰਹਿੰਦੀ ਹੈ, ਨੇ ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਮਿਲਣ ਲਈ ਆਪਣੇ ਪੇਕੇ ਪਿੰਡ ਭੂਰਾ ਕੋਹਨਾ ਅੱਡੇ 'ਤੇ ਸੱਦਿਆ ਅਤੇ ਆਪਣੇ ਸ਼ਰੀਕੇ ਦੇ ਲੋਕਾਂ ਨੂੰ ਵੀ ਦੱਸ ਦਿੱਤਾ, ਜੋ ਇਨੋਵਾ ਗੱਡੀ 'ਤੇ ਆਏ ਸਨ। ਜਦੋਂ ਉੱਥੇ ਪਹੁੰਚਣ 'ਤੇ ਦੋਵੇ ਨੌਜਵਾਨ ਮੋਟਰਸਾਈਕਲ 'ਤੇ ਭੱਜਣ ਲੱਗੇ ਤਾਂ ਉਨ੍ਹਾਂ ਨੇ ਪਿੱਛੇ ਗੱਡੀ ਲਗਾ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ।
ਘਟਨਾ ਦਾ ਪਤਾ ਲੱਗਣ 'ਤੇ ਲੋਕਾਂ ਵਲੋਂ ਜਦੋਂ ਜ਼ਖ਼ਮੀਆਂ ਨੂੰ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤਾਂ ਰਾਹ 'ਚ ਹੀ 17 ਸਾਲਾ ਅਨਮੋਲਪ੍ਰੀਤ ਸਿੰਘ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਵੁਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਜਾਰੀ ਹੈ।