ਤਰਨਤਾਰਨ:ਪੱਟੀ ਸ਼ਹਿਰ ਦੇ ਲਾਹੌਰ ਚੌਕ ’ਚ ਸਥਿਤ ਇੱਕ ਸਪੇਅਰ ਪਾਰਟਸ (Spare parts) ਦੀ ਦੁਕਾਨ ’ਤੇ ਤੜਕਸਾਰ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ੍ਹ ਕੇ ਸਵਾਹ ਹੋ ਗਿਆ। ਅੱਗ ਲੱਗਣ ਦਾ ਕਾਰਨ ਅਸਮਾਨੀ ਬਿਜਲੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ’ਤੇ ਪੱਟੀ ਵਿਖੇ ਖੜ੍ਹੀ ਫਾਇਰ ਬ੍ਰਿਗੇਡ (Fire brigade) ਦੀ ਗੱਡੀ ਸਟਾਫ ਦੀ ਘਾਟ ਦੇ ਚੱਲਦਿਆਂ ਨਹੀਂ ਪੁੱਜੀ। ਤਰਨਤਾਰਨ ਤੋਂ ਸਵੇਰੇ 5:30 ਵਜੇ ਗੱਡੀ ਪੁੱਜੀ ਜਿਸ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ।
ਜਾਣਕਾਰੀ ਮੁਤਾਬਿਕ ਜਿੰਦਰ ਸਪੇਅਰ ਪਾਰਟਸ ਦੀ ਦੁਕਾਨ ’ਚ ਸਵੇਰੇ 3 ਵਜੇ ਦੇ ਕਰੀਬ ਅੱਗ ਲੱਗ ਗਈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸਵੇਰੇ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ 'ਚੋਂ ਧੂੰਆ ਨਿਕਲ ਰਿਹਾ ਹੈ ਪਰ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਅੰਦਰ ਅੱਗ ਦੀਆਂ ਤੇਜ਼ ਲਪਟਾ ਨਿਕਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਆਸੇ-ਪਾਸੇ ਦੇ ਲੋਕਾਂ ਨੇ ਮਦਦ ਕੀਤੀ ਅਤੇ ਪਾਣੀ ਪਾਇਆ ਪਰ ਅੱਗ ਦਾ ਫੈਲਾਓ ਜ਼ਿਆਦਾ ਹੋਣ ਕਾਰਨ ਅੱਗ ਬੁਝਾਉਣ ਨੂੰ ਬਹੁਤ ਸਮਾਂ ਲੱਗ ਗਿਆ।
ਦੁਕਾਨਦਾਰ ਦੇ ਬੇਟੇ ਲਲਿਤ ਭਸੀਨ ਨੇ ਦੱਸਿਆ ਹੈ ਕਿ ਨੇੜੇ ਘਰਾਂ ਵਾਲਿਆਂ ਦਾ ਕਹਿਣਾ ਹੈ ਕਿ ਸਵੇਰੇ ਅਸਮਾਨੀ ਬਿਜਲੀ ਡਿੱਗੀ ਹੈ।ਉਸ ਦੌਰਾਨ ਹੀ ਦੁਕਾਨ ਵਿਚੋਂ ਧੂੰਆ ਨਿਕਲ ਦਾ ਵਿਖਾਈ ਦਿੱਤਾ ਹੈ।ਉਨ੍ਹਾਂ ਕਿਹਾ ਕਿ ਆਸੇ ਪਾਸੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗੀ ਹੈ।ਉਨ੍ਹਾਂ ਕਿਹਾ ਫਾਇਰ ਬ੍ਰਿਗੇਡ ਪੱਟੀ ਤੋਂ ਕੋਈ ਗੱਡੀ ਨਹੀਂ ਆਈ।ਦੋ ਘੰਟੇ ਬੀਤ ਜਾਣ ਤੋਂ ਬਾਅਦ ਤਰਨਤਾਰਨ ਤੋਂ ਫਾਈਰ ਬ੍ਰਿਗੇਡ ਦੀ ਗੱਡੀ ਆਈ ਉਦੋਂ ਤੱਕ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਸੀ।