ਤਰਨ ਤਾਰਨ: ਜ਼ਿਲ੍ਹੇ ਵੱਖ- ਵੱਖ ਪਿੰਡਾਂ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਈ ਪਿੰਡਾਂ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪਿੰਡ ਦੇ ਆਗੂਆਂ ਨੇ ਇਥੋਂ ਦੇ ਵਿਧਾਇਕ ਡਾ.ਧਰਮਵੀਰ ਅਗਨੀਹੋਤਰੀ ਤੇ ਉਨ੍ਹਾਂ ਦੇ ਪੁੱਤਰ ਸੰਦੀਪ ਅਗਨੀਹੋਤਰੀ ਦੀ ਸ਼ੈਅ 'ਤੇ ਇਲਾਕੇ 'ਚ ਨਾਜਾਇਜ਼ ਮਾਈਨਿੰਗ, ਕਿਸਾਨਾਂ ਦੀਆਂ ਜ਼ਮੀਨਾਂ 'ਤੇ ਨਜਾਇਜ਼ ਕਬਜ਼ਾ ਕਰਨ ਆਦਿ ਹੋਣ ਦੇ ਗੰਭੀਰ ਦੋਸ਼ ਲਾਏ ਗਏ ਹਨ।
ਨਾਜਾਇਜ਼ ਮਾਈਨਿੰਗ ਮਾਮਲਾ: ਤਰਨ ਤਾਰਨ ਦੇ ਵਿਧਾਇਕ ਤੇ ਉਸ ਦੇ ਪੁੱਤਰ 'ਤੇ ਲੱਗੇ ਗੰਭੀਰ ਦੋਸ਼
ਤਰਨ ਤਾਰਨ ਦੇ ਵਿਧਾਇਕ ਡਾ.ਧਰਮਵੀਰ ਅਗਨੀਹੋਤਰੀ ਤੇ ਉਨ੍ਹਾਂ ਦੇ ਪੁੱਤਰ ਸੰਦੀਪ ਅਗਨੀਹੋਤਰੀ 'ਤੇ ਕੁੱਝ ਸਥਾਨਕ ਲੋਕਾਂ ਵੱਲੋਂ ਗੰਭੀਰ ਦੋਸ਼ ਲਾਏ ਗਏ ਹਨ। ਜਦਕਿ ਵਿਧਾਇਕ ਦੇ ਪੁੱਤਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨੀਆਦ ਦੱਸਿਆ ਹੈ।
ਪਿੰਡ ਢੰਡ ਦੇ ਕੁਲਵੰਤ ਸਿੰਘ ਤੇ ਹੋਰਨਾਂ ਸ਼ਿਕਾਇਤ ਕਰਨ ਵਾਲਿਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਧੱੜਲੇ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨਾਜਾਇਜ਼ ਮਾਈਨਿੰਗ ਮਾਮਲਿਆਂ 'ਚ ਸਥਾਨਕ ਵਿਧਾਇਕ ਤੇ ਉਨ੍ਹਾਂ ਦੇ ਪੁੱਤਰ ਨੂੰ ਸ਼ਾਮਲ ਦੱਸਿਆ। ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਉਕਤ ਵਿਧਾਇਕ ਤੇ ਉਸ ਦੇ ਪੁੱਤਰ ਖਿਲਾਫ ਰਿੱਟ ਪਟੀਸ਼ਨ ਦਾਖਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਉਕਤ ਵਿਧਾਇਕ ਖਿਲਾਫ ਪੰਜਾਬ ਸਰਕਾਰ ਦੇ ਕੋਲ ਆਰਟੀਆਈ ਵੀ ਦਾਖਲ ਕੀਤੀ ਹੈ। ਵਿਧਾਇਕ ਵੱਲੋਂ ਉਨ੍ਹਾਂ 'ਤੇ ਲਗਾਤਾਰ ਹਾਈਕੋਰਟ ਤੋਂ ਰਿੱਟ ਪਟੀਸ਼ਨ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੌਕਡਾਊਨ ਦੇ ਦੌਰਾਨ ਉਨ੍ਹਾਂ 'ਤੇ ਨਜਾਇਜ਼ ਪਰਚੇ ਦਰਜ ਕੀਤੇ ਗਏ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਇੱਕ ਹੋਰ ਪਿੰਡ ਵਾਸੀ ਨੇ ਵਿਧਾਇਕ ਦੇ ਇਸ਼ਾਰੇ 'ਤੇ ਕੁੱਝ ਲੋਕਾਂ ਵੱਲੋਂ ਉਸ ਦੀ ਜ਼ਮੀਨ 'ਤੇ ਜਬਰਨ ਕਬਜ਼ਾ ਕਰ ਉਸ ਦੀਆਂ ਫਸਲਾਂ ਖਰਾਬ ਕਰਨ ਦਾ ਦੋਸ਼ ਲਾਇਆ। ਸ਼ਿਕਾਇਤ ਕਰਤਾ ਨੇ ਦੋਸ਼ ਲਇਆ ਕਿ ਇਥੋਂ ਪੁਲਿਸ ਪ੍ਰਸ਼ਾਸਨ ਤੇ ਬੀਡੀਪੀਓ ਵਿਧਾਇਕ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਇਨ੍ਹਾਂ ਮਾਮਲਿਆਂ 'ਚ ਸ਼ਾਮਲ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉੱਥੇ ਹੀ ਜਦ ਇਸ ਬਾਰੇ ਡਾ.ਧਰਮਵੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਸੰਦੀਪ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਉਸ ਦੇ ਪਿਤਾ ਤੇ ਪਰਿਵਾਰ ਦਾ ਅਕਸ ਖ਼ਰਾਬ ਕਰਨ ਲਈ ਅਜਿਹੇ ਦੋਸ਼ ਲਾਏ ਜਾ ਰਹੇ ਹਨ।