ਤਰਨ ਤਾਰਨ: ਤਰਨ ਤਾਰਨ ਪੁਲਿਸ ਪਾਕਿਸਤਾਨੀ ਤਸਕਰਾਂ ਨੂੰ ਪੈਸਾ ਭੇਜਣ ਦੇ ਦੋਸ਼ ਹੇਠ ਸਾਬਕਾ ਰੈਸਲਰ ਮਨਹੋਰ ਲਾਲ ਐਨਥਨੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਬੀਤੇ ਦਿਨੀਂ ਤਰਨ ਤਾਰਨ ਪੁਲਿਸ ਦੇ ਨਾਰਕੋਟਿਕ ਸੈੱਲ ਨੇ ਪੱਟੀ ਇਲਾਕੇ ਚੋਂ ਦੋ ਨਸ਼ਾ ਤਸਕਰਾਂ ਨਿਸ਼ਾਨ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਸਾਢੇ 3 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਮੁਲਜ਼ਮਾਂ ਕੋਲੋਂ ਮੁੱਢਲੀ ਜਾਂਚ ਦੌਰਾਨ ਪੁੱਛਗਿੱਛ ਪਤਾ ਲੱਗਿਆ ਕਿ ਪਾਕਿਸਤਾਨ ਤੋਂ ਨਸ਼ੇ ਦੀਆਂ ਮੰਗਵਾਈਆਂ ਜਾ ਰਹੀਆਂ ਖੇਪਾਂ ਦੀ ਰਕਮ ਦਾ ਭੁਗਤਾਨ ਤਸਕਰਾਂ ਵਲੋਂ ਹਵਾਲਾ ਰਾਹੀਂ ਕੀਤਾ ਜਾਂਦਾ ਹੈ।
ਪੁਲਿਸ ਵੱਲੋਂ ਜਾਂਚ ਤੋਂ ਬਾਅਦ ਅੰਮ੍ਰਿਤਸਰ ਨਿਵਾਸੀ ਸਾਬਕਾ ਰੈਸਲਰ ਮਨਹੋਰ ਲਾਲ ਐਨਥਨੀ ਨੂੰ ਨਾਮਜ਼ਦ ਕੀਤਾ ਗਿਆ ਸੀ। ਜਾਂਚ 'ਚ ਪਤਾ ਲੱਗਾ ਕਿ ਮਨਹੋਰ ਲਾਲ ਐਨਥਨੀ ਵੱਲੋਂ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨੂੰ 1 ਕਰੋੜ 78 ਲੱਖ ਰੁਪਏ ਦੀ ਰਾਸ਼ੀ ਹਵਾਲਾ ਰਾਹੀਂ ਭੇਜੀ ਗਈ ਸੀ।
ਪੁਲਿਸ ਅਧਿਕਾਰੀ ਦੇ ਮੁਤਾਬਕ ਮੁਲਜ਼ਮ ਵੱਲੋਂ ਤਿੰਨ ਟਰਾਂਜ਼ੈਕਸ਼ਨ ਰਾਹੀਂ ਰਾਸ਼ੀ ਪਾਕਿਸਤਾਨ ਭੇਜੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੋਰ ਵੀ ਲੋਕਾਂ ਦੇ ਸ਼ਾਮਿਲ ਹੋਣ ਦਾ ਖ਼ਦਸ਼ਾ ਹੈ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Punjab COVID-19 vaccine: 1 ਜੂਨ ਤੋਂ 18+ ਉਮਰ ਵਰਗ ਦੇ ਟੀਕਾਕਰਨ ਸੂਚੀ ਦਾ ਦਾਇਰਾ ਵਧੇਗਾ